ਪਾਕਿਸਤਾਨ ਦੀ ਹਮਾਇਤ-ਪ੍ਰਾਪਤ ਦਹਿਸ਼ਤਗਰਦ ਜੱਥੇਬੰਦੀ ਹਿਜ਼ਬ-ਉਲ-ਮੁਜਾਹਿਦੀਨ ਨੇ ਕਿਹਾ ਹੈ ਕਿ ਸਾਲਾਨਾ ਅਮਰਨਾਥ ਯਾਤਰਾ `ਤੇ ਕਸ਼ਮੀਰ ਆਉਣ ਵਾਲੇ ਸ਼ਰਧਾਲੂ ਦਹਿਸ਼ਤਗਰਦਾਂ ਦੇ ਮਹਿਮਾਨ ਹਨ ਤੇ ਉਨ੍ਹਾਂ `ਤੇ ਹਮਲਾ ਨਹੀਂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਰਿਆਜ਼ ਨਿੱਕੂ ਨੇ ਇੱਕ ਨਵੀਂ ਵਿਡੀਓ ਕਲਿੱਪ ਵਿੱਚ ਕੀਤਾ ਹੈ। ਹਿਹ ਵਿਡੀਓ ਸੋਸ਼ਲ ਮੀਡੀਆ ਦੇ ਮੰਚਾਂ `ਤੇ ਵਾਇਰਲ ਹੋ ਰਹੀ ਹੈ।
ਰਿਆਜ਼ ਵਿਡੀਓ `ਚ ਇਹ ਆਖਦਾ ਸੁਣਦਾ ਹੈ,‘ਅਮਰਨਾਥ ਯਾਤਰਾ ਸਾਡਾ ਨਿਸ਼ਾਨਾ ਨਹੀਂ ਹੈ। ਉਹ ਇੱਥੇ ਆਪਣੀਆਂ ਧਾਰਮਿਕ ਰੀਤਾਂ ਨਿਭਾਉਣ ਲਈ ਆਉਂਦੇ ਹਨ। ਉਹ ਸਾਡੇ ਮਹਿਮਾਨ ਹਨ।`
ਹਿਜ਼ਬੁਲ ਮੁਜਾਹਿਦੀਨ ਕਮਾਂਡਰ ਨੇ ਉਨ੍ਹਾਂ ਰਿਪੋਰਟਾਂ ਨੂੰ ਮੁੱਢੋਂ ਖ਼ਾਰਜ ਕੀਤਾ ਹੈ, ਜਿਨ੍ਹਾਂ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਹਿਸ਼ਤਗਰਦ ਅਮਰਨਾਥ ਯਾਤਰਾ `ਤੇ ਹਮਲਾ ਕਰਨ ਦੀਆਂ ਯੋਜਨਾਵਾਂ ਉਲੀਕ ਰਹੇ ਹਨ। ਉਸ ਨੇ ਤਾਂ ਇਹ ਵੀ ਕਿਹਾ ਕਿ ਉਸ ਜਾਂ ਉਸ ਦੇ ਸਾਥੀਆਂ ਨੇ ਕਦੇ ਅਮਰਨਾਥ ਯਾਤਰੀਆਂ `ਤੇ ਹਮਲਾ ਕੀਤਾ ਹੀ ਨਹੀਂ।
ਰਿਆਜ਼ ਨੇ ਕਿਹਾ ਹੈ,‘ਸਾਡੀ ਲੜਾਈ ਸ਼ਰਧਾਲੂਆਂ ਨਾਲ ਨਹੀਂ ਹੈ। ਅਸੀਂ ਉਨ੍ਹਾਂ ਨਾਲ ਲੜ ਰਹੇ ਹਾਂ, ਜਿਨ੍ਹਾਂ ਨੇ ਸਾਨੂੰ ਬੰਦੂਕਾਂ ਚੁੱਕਣ ਲਈ ਮਜਬੂਰ ਕੀਤਾ ਹੈ। ਅਸੀਂ ਆਪਣੇ ਅਧਿਕਾਰਾਂ ਤੇ ਆਜ਼ਾਦੀ ਲਈ ਲੜ ਰਹੇ ਹਾਂ। ਸਾਡੀ ਜੰਗ ਭਾਰਤ ਸਰਕਾਰ ਨਾਲ ਹੈ, ਭਾਰਤੀਆਂ ਨਾਲ ਨਹੀਂ।`
ਹਾਲੇ ਇਹ ਯਕੀਨੀ ਨਹੀਂ ਬਣਾਇਆ ਜਾ ਸਕਿਆ ਕਿ ਵਾਇਰਲ ਹੋਈ ਇਹ ਵਿਡੀਓ ਅਸਲੀ ਹੈ ਜਾਂ ਕੋਈ ਧੋਖਾ ਹੈ।
ਉਂਝ ਇਹ ਵਿਡੀਓ ਉਦੋ ਜਾਰੀ ਕੀਤਾ ਗਿਆ ਹੈ, ਜਦੋਂ ਅਮਰਨਾਥ ਯਾਤਰੀਆਂ ਦੇ ਪਹਿਲੇ ਜੱਥੇ ਨੂੰ ਜੰਮੂ ਦੇ ਬੇਸ ਕੈਂਪ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ।