ਅਗਲੀ ਕਹਾਣੀ

​​​​​​​ਯੂਪੀ ’ਚ ਜ਼ਹਿਰੀਲੀ ਸ਼ਰਾਬ ਨੇ ਲਈਆਂ 61 ਜਾਨਾਂ, ਦਰਜਨਾਂ ਪਿੰਡਾਂ ’ਚ ਵਿਛੇ ਸੱਥਰ

ਯੂਪੀ ’ਚ ਜ਼ਹਿਰੀਲੀ ਸ਼ਰਾਬ ਨੇ ਲਈਆਂ 61 ਜਾਨਾਂ, ਦਰਜਨਾਂ ਪਿੰਡਾਂ ’ਚ ਵਿਛੇ ਸੱਥਰ

ਸਹਾਰਨਪੁਰ ਲਾਗਲੇ ਕੁਝ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 61 ਵਿਅਕਤੀ ਮਾਰੇ ਗਏ ਹਨ। ਮੌਤਾਂ ਦਾ ਇਹ ਸਿਲਸਿਲਾ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਸੀ। ਪੋਸਟਮਾਰਟਮ ਪਿੱਛੋਂ ਜਿਉਂ–ਜਿਉਂ ਲਾਸ਼ਾਂ ਪਿੰਡਾਂ ਵਿੱਚ ਪੁੱਜ ਰਹੀਆਂ ਹਨ ਤਿਉਂ–ਤਿਉਂ ਰੋਣ ਦੀਆਂ ਆਵਾਜ਼ਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਮੌਤਾਂ ਦੀ ਇਹ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਆਲੋਕ ਪਾਂਡੇ ਤੇ ਐੱਸਐੱਸਪੀ ਦਿਨੇਸ਼ ਕੁਮਾਰ ਹਸਪਤਾਲ ਵਿੱਚ ਮੌਜੂਦ ਹਨ। ਸਰਕਾਰੀ ਤੌਰ ਉੱਤੇ ਹਾਲੇ ਮੌਤਾਂ ਦੀ ਗਿਣਤੀ 36 ਤੋਂ 42 ਦੱਸੀ ਜਾ ਰਹੀ ਹੈ। ਹਾਲੇ ਪੀੜਤ ਲੋਕਾਂ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਵਿੱਚ ਭਾਜੜਾਂ ਮਚੀਆਂ ਹੋਈਆਂ ਹਨ, ਇਸੇ ਲਈ ਸਹੀ ਅੰਕੜੇ ਫ਼ਿਲਹਾਲ ਕਿਸੇ ਕੋਲ ਵੀ ਉਪਲਬਧ ਨਹੀਂ ਹਨ।

 

 

ਪਿੰਡਾਂ ਸਲੇਮਪੁਰ, ਸ਼ਰਬਤਪੁਰ ਤੇ ਖੇੜਾ ਮੁਗ਼ਲ ਵਿੱਚ ਕੁਝ ਮ੍ਰਿਤਕਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਸਹਾਰਨਪੁਰ ਲਾਗਲੇ ਦਰਜਨਾਂ ਪਿੰਡਾਂ ਵਿੱਚ ਸੱਥਰ ਵਿਛ ਗਏ ਹਨ।

 

 

ਮੇਰਠ ਮੈਡੀਕਲ ਕਾਲਜ ਵਿੱਚ ਵੀ ਕੁਝ ਸ਼ਰਾਬ–ਪੀੜਤਾਂ ਦਾ ਇਲਾਜ ਚੱਲ ਰਿਹਾ ਹੈ ਤੇ ਕੁਝ ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇੱਥੇ ਸ਼ੁੱਕਰਵਾਰ ਰਾਤੀਂ 25 ਵਿਅਕਤੀ ਭਰਤੀ ਕਰਵਾਏ ਗਏ ਸਨ; ਜਿਨ੍ਹਾਂ ਵਿੱਚੋਂ 13 ਦੀ ਰਾਤ ਨੂੰ ਹੀ ਮੌਤ ਹੋ ਗਈ ਸੀ। ਸਹਾਰਨਪੁਰ ਦੇ ਵੀ ਕਈ ਹਸਪਤਾਲਾਂ ਵਿੱਚ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ।

 

 

ਪਿੰਡ ਵਿੱਚ ਕਿਸੇ ਪਰਿਵਾਰ ਵਿੱਚ ਹੋਈ ਮੌਤ ਦੀ 13ਵੀਂ ਮੌਕੇ ਇਕੱਠ ਹੋਇਆ ਸੀ ਤੇ ਉਸ ਮੌਕੇ ਜ਼ਹਿਰੀਲੀ ਸ਼ਰਾਬ ਵਰਤਾਈ ਗਈ। ਪੁਲਿਸ ਨੇ ਗਾਗਲਹੇੜੀ ਤੇ ਨਾਗਲ ਥਾਣਿਆਂ ਵਿੱਚ ਕੇਸ ਦਰਜ ਕਰਵਾਏ ਹਨ। ਸਹਾਰਨਪੁਰ ਵਿੱਚ ਵੀਰਵਾਰ ਦੇਰ ਰਾਤ ਨੂੰ ਹੀ ਰੌਲ਼ਾ ਪੈਣਾ ਸ਼ੁਰੂ ਹੋ ਗਿਆ ਸੀ। ਲੋਕ ਬੀਮਾਰ ਪੈਣੇ ਸ਼ੁਰੂ ਹੋ ਗਏ ਸਨ। ਪਰ ਮੀਂਹ ਕਾਰਨ ਉਨ੍ਹਾਂ ਦਾ ਇਲਾਜ ਸੰਭਵ ਨਾ ਹੋ ਸਕਿਆ। ਸ਼ੁੱਕਰਵਾਰ ਸਵੇਰ ਨੂੰ ਵੀ ਮੀਂਹ ਪੈ ਰਿਹਾ ਸੀ; ਜਿਸ ਕਾਰਨ ਉਨ੍ਹਾਂ ਨੂੰ ਇਲਾਜ ਲਈ ਕਿਤੇ ਵੀ ਨਹੀਂ ਲਿਜਾਂਦਾ ਗਿਆ ਤੇ ਫਿਰ ਮੌਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ।

 

 

ਥਾਣਾ ਨਾਗਲ ਦੇ ਪਿੰਡਾਂ ਉਮਾਹੀ, ਤਾਜਪੁਰਾ, ਸਲੇਮਪੁਰ, ਮਾਲੀ ਕੋਲਕੀ ਕਲਾਂ ਇਕੋਵਾਲਾ, ਬਿਲਾਸਪੁਰ, ਸ਼ਿਵਪੁਰ, ਆਸਨਵਾਲੀ, ਖੇੜਾ ਮੁਗ਼ਲ ਤੇ ਮਾਇਆਹੇੜੀ ਵਿੱਚ ਮੌਤਾਂ ਹੋ ਰਹੀਆਂ ਹਨ।

 

 

ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡਾਂ ਵਿੱਚ ਮੌਜੂਦ ਮੰਦਰਾਂ ਤੇ ਮਸਜਿਦਾਂ ’ਚੋਂ ਐਲਾਨ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਜੇ ਕਿਸੇ ਕੋਲ ਨਾਜਾਇਜ਼ ਸ਼ਰਾਬ ਪਈ ਹੈ, ਤਾਂ ਉਹ ਤੁਰੰਤ ਪੁਲਿਸ ਹਵਾਲੇ ਕਰ ਦੇਵੇ ਤੇ ਜਾਂ ਨਸ਼ਟ ਕਰ ਦੇਵੇ। ਇਸ ਦੇ ਨਾਲ ਹੀ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਖਿ਼ਲਾਫ਼ ਵੀ ਮੁਹਿੰਮ ਸ਼ੁਰੂ ਹੋ ਗਈ ਹੈ।

 

 

ਇਸੇ ਮੁਹਿੰਮ ਅਧੀਨ ਆਬਕਾਰੀ ਅਧਿਕਾਰੀ ਅਜੇ ਕੁਮਾਰ, ਥਾਣਾ ਇੰਚਾਰਜ ਨਾਗਲ ਹਰੀਸ਼ ਰਾਜਪੂਤ, 10 ਪੁਲਿਸ ਮੁਲਾਜ਼ਮ ਤੇ ਆਬਕਾਰੀ ਦੇ ਦੋ ਸਿਪਾਹੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hooch tragedy in UP 61 Die