ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ ਦੀਆਂ ਸਥਾਨਕ ਚੋਣਾਂ `ਤੇ ਅੱਤਵਾਦ ਦਾ ਭਿਆਨਕ ਪਰਛਾਵਾਂ

ਕਸ਼ਮੀਰ ਦੇ ਸ਼ੋਪੀਆਂ `ਚ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਤਿੰਨ ਪੁਲਿਸ ਮੁਲਾਜ਼ਮਾਂ ਦੀਆਂ ਮ੍ਰਿਤਕ ਦੇਹਾਂ ਨੂੰ ਸ਼ਰਧਾਂਜਲੀ

1989 `ਚ ਜਦ ਤੋਂ ਕਸ਼ਮੀਰ `ਚ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ ਹੈ, ਚੋਣਾਂ ਦੌਰਾਨ ਅੱਤਵਾਦ ਸਦਾ ਹੀ ਇੱਕ ਵੱਡੀ ਚੁਣੌਤੀ ਬਣ ਕੇ ਉੱਭਰਦਾ ਰਿਹਾ ਹੈ। ਅਜਿਹੇ ਵੇਲੇ ਇੱਕ ਤਾਂ ਵੱਖਵਾਦੀ ਚੋਣ-ਬਾਈਕਾਟ ਦੇ ਸੱਦੇ ਦੇ ਦਿੰਦੇ ਹਨ ਅਤੇ ਇਸ ਨਾਲ ਫਿਰ ਕਈ ਤਰ੍ਹਾਂ ਦੇ ਹੋਰ ਖ਼ਤਰੇ ਪੈਦਾ ਹੋ ਜਾਂਦੇ ਹਨ। ਸ਼ੋਪੀਆਂ `ਚ ਬੀਤੇ ਦਿਨੀਂ ਤਿੰਨ ਸਪੈਸ਼ਲ ਪੁਲਿਸ ਆਫ਼ੀਸਰਜ਼ (ਐੱਸਪੀਓਜ਼) ਦੇ ਕਤਲਾਂ ਨੇ ਸਾਨੂੰ ਇਹ ਚੇਤਾ ਕਰਵਾ ਦਿੱਤਾ ਹੈ ਕਿ ਆਉਂਦੀਆਂ ਸ਼ਹਿਰੀ ਇਕਾਈਆਂ ਤੇ ਪੰਚਾਇਤ ਚੋਣਾਂ ਵੇਲੇ ਹੋਰ ਕਿਹੜੇ ਸੰਭਾਵੀ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿਛਲੇ ਹਫ਼ਤੇ ਜਿਸ ਤਰੀਕੇ ਡਿਊਟੀ ਖ਼ਤਮ ਕਰ ਕੇ ਜਾ ਰਹੇ ਪੁਲਿਸ ਮੁਲਾਜ਼ਮਾਂ ਨੂੰ ਪਹਿਲਾਂ ਅਗ਼ਵਾ ਕੀਤਾ ਗਿਆ ਤੇ ਫਿਰ ਉਨ੍ਹਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ; ਇਹ ਤਾਂ ਸਿਰਫ਼ ਇੱਕ ਨਮੂਨਾ ਸੀ।


ਇਸ ਹਫ਼ਤੇ ਹੁਣ ਤੱਕ 37 ਕਸ਼ਮੀਰੀ ਪੁਲਿਸ ਅਧਿਕਾਰੀ ਅੱਤਵਾਦੀਆਂ ਦੀਆਂ ਗੋਲੀਆਂ ਦੇ ਸਿ਼ਕਾਰ ਹੋ ਚੁੱਕੇ ਹਨ। ਇਹ ਇਸ ਸੂਬੇ ਦੀ ਪੁਲਿਸ ਲਈ ਵੀ ਬੇਹੱਦ ਭੈੜਾ ਦੌਰ ਹੈ। ਇਸ ਗੱਲ ਦਾ ਅੰਦਾਜ਼ਾ ਇਸੇ ਤੱਥ ਤੋਂ ਸਹਿਜੇ ਹੀ ਲੱਗ ਸਕਦਾ ਹੈ ਕਿ ਬੀਤੇ ਤਿੰਨ ਦਹਾਕਿਆਂ ਦੇ ਇਸ ਸੰਕਟ ਦੌਰਾਨ ਹੁਣ ਤੱਕ 1,600 ਪੁਲਿਸ ਮੁਲਾਜ਼ਮਾਂ ਜਾਂ ਅਧਿਕਾਰੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਹੁਣ ਤਾਂ ਇਹ ਸੁਣ ਕੇ ਵੀ ਕੋਈ ਬਹੁਤੀ ਹੈਰਾਨੀ ਨਹੀਂ ਹੁੰਦੀ ਕਿ ਹਾਲੀਆ ਕੁਝ ਮਹੀਨਿਆਂ ਦੌਰਾਨ ਜਿ਼ਆਦਾਤਰ ਪੁਲਿਸ ਮੁਲਾਜ਼ਮ ਦੱਖਣੀ ਕਸ਼ਮੀਰ ਦੇ ਕੁਲਗਾਮ, ਸ਼ੋਪੀਆਂ, ਪੁਲਵਾਮਾ ਤੇ ਅਨੰਤਨਾਗ ਜਿ਼ਲ੍ਹਿਆਂ `ਚ ਅੱਤਵਾਦੀਆਂ ਦਾ ਨਿਸ਼ਾਨਾ ਬਣਦੇ ਰਹੇ ਹਨ। ਦਰਅਸਲ, ਸਾਲ 29016 `ਚ ਅੱਤਵਾਦੀ ਬੁਰਹਾਨ ਵਾਨੀ ਦੇ ਕਤਲ ਤੋਂ ਬਾਅਦ ਇਹ ਇਲਾਕਾ ਭਿਆਨਕ ਕਿਸਮ ਦੇ ਅੱਤਵਾਦ ਦਾ ਕੇਂਦਰ ਬਣ ਕੇ ਰਹਿ ਗਿਆ ਹੈ।


ਪੁਲਿਸ ਮੁਲਾਜ਼ਮਾਂ ਦੇ ਕਤਲਾਂ ਦੀ ਇਹ ਤਾਜ਼ਾ ਹੌਲਨਾਕ ਘਟਨਾ ਤੋਂ ਕੁਝ ਹੀ ਦਿਨ ਪਹਿਲਾਂ ਹਿਜ਼ਬੁਲ ਮੁਜਾਹਿਦੀਨ ਵੱਲੋਂ ਸੋਸ਼ਲ ਮੀਡੀਆ `ਤੇ ਇੱਕ ਆਡੀਓ ਕਲਿੱਪ ‘ਪੋਸਟ` ਕੀਤੀ ਗਈ ਸੀ; ਜਿਸ ਵਿੱਚ ਕਸ਼ਮੀਰ ਵਾਦੀ ਦੇ ਸਮੂਹ ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਸ਼ਬਦਾਂ `ਚ ਚੇਤਾਵਨੀ ਦਿੱਤੀ ਗਈ ਸੀ ਕਿ ‘ਉਹ ਤੁਰੰਤ ਪੁਲਿਸ ਵਿਭਾਗ `ਚੋਂ ਅਸਤੀਫ਼ੇ ਦੇ ਦੇਣ ਤੇ ਅਜਿਹਾ ਨਾ ਕਰਨ ਦੀ ਹਾਲਤ `ਚ ਉਹ ਮਰਨ ਲਈ ਤਿਆਰ ਰਹਿਣ।`


ਸੁਰੱਖਿਆ ਏਜੰਸੀਆਂ ਅਕਸਰ ਅਜਿਹੀਆਂ ਧਮਕੀਆਂ `ਤੇ ਬਹੁਤਾ ਗ਼ੌਰ ਨਹੀਂ ਕਰਦੀਆਂ ਕਿਉਂਕਿ ਪੁਲਿਸ ਬਲਾਂ ਨੂੰ ਡਰਾਉਣ ਲਈ ਅੱਤਵਾਦੀ ਅਕਸਰ ਸੋਸ਼ਲ ਮੀਡੀਆ `ਤੇ ਅਜਿਹੀਆਂ ਬਹੁਤ ਸਾਰੀਆਂ ਘਿਨਾਉਣੀਆਂ ਚੀਜ਼ਾਂ ਸ਼ੇਅਰ ਕਰਦੇ ਹੀ ਰਹਿੰਦੇ ਹਨ।


ਜੰਮੂ-ਕਸ਼ਮੀਰ ਪੁਲਿਸ ਦੇ 90,000 ਤੋਂ ਵੱਧ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਹੁਣ ਸਥਾਨਕ ਚੋਣਾਂ ਲਈ ਤਿਆਰ ਕੀਤਾ ਜਾ ਰਿਹਾ ਹੈ। ਸੂਬੇ `ਚ ਮੁੱਖ ਸੁਰੱਖਿਆ ਘੇਰਾ ਪੁਲਿਸ ਦਾ ਹੀ ਰਹੇਗਾ। ਪਰ ਇਸ ਮਾਮਲੇ ਦਾ ਚਿੰਤਾਜਨਕ ਪੱਖ ਇਹ ਹੈ ਕਿ ਹੁਣ ਸ਼ੋਪੀਆਂ ਦੇ ਇਸ ਭਿਆਨਕ ਹਮਲੇ ਤੋਂ ਬਾਅਦ ਕੁਝ ਪੁਲਿਸ ਮੁਲਾਜ਼ਮਾਂ ਨੇ ਆਪਣੇ ਅਸਤੀਫ਼ੇ ਆਨਲਾਈਨ ਸ਼ੇਅਰ ਕਰ ਕੇ ਅੱਤਵਾਦੀਆਂ ਨੂੰ ਇਹ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਹੁਣ ਉਨ੍ਹਾਂ ਨੂੰ ਬਖ਼ਸ਼ ਦੇਣ; ਉਂਝ ਭਾਵੇਂ ਇਸ ਸਭ ਦੀ ਹਾਲੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਮੁਲਾਜ਼ਮ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅੱਤਵਾਦੀ ਬੜੀ ਆਸਾਨੀ ਨਾਲ ਆਪਣੇ ਨਿਸ਼ਾਨੇ `ਤੇ ਲੈ ਲੈਂਦੇ ਹਨ ਪਰ ਫ਼ੌਜ ਤੇ ਨੀਮ ਫ਼ੌਜੀ ਬਲਾਂ ਦੇ ਮਾਮਲੇ `ਚ ਅਜਿਹਾ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦੇ ਜਵਾਨ ਬੇਹੱਦ ਉੱਚ ਸੁਰੱਖਿਆ ਵਾਲੇ ਕੈਂਪਾਂ `ਚ ਸਲਾਮਤ ਰਹਿੰਦੇ ਹਨ।


ਅੱਤਵਾਦੀ ਹਮਲਿਆਂ `ਚ ਵਾਧਾ ਇਹੋ ਦਰਸਾਉਂਦਾ ਹੈ ਕਿ ਕਸ਼ਮੀਰ `ਚ ਸੁਰੱਖਿਆ ਦੀ ਸਥਿਤੀ ਬੇਹੱਦ ਮਾੜੀ ਹੈ। ਤਿੰਨ ਮਹੀਨੇ ਪਹਿਲਾਂ ਸੂਬੇ ਦੀ ਕੁਲੀਸ਼ਨ ਸਰਕਾਰ ਡਿੱਗੀ ਸੀ ਤੇ ਹੁਣ ਕੇਂਦਰ ਸਰਕਾਰ ਦੀਆਂ ਸਥਾਨਕ ਚੋਣਾਂ ਕਰਵਾ ਕੇ ਜਮਹੂਰੀ ਪ੍ਰਕਿਰਿਆ ਦੀ ਸ਼ੁਰੂਆਤ ਕਰਨ ਅਤੇ ਕੁਝ ਸਿਆਸੀ ਲਾਹਾ ਖੱਟਣ ਦੀਆਂ ਯੋਜਨਾਵਾਂ `ਤੇ ਅਜਿਹੇ ਮਾੜੇ ਹਾਲਾਤ ਦਾ ਪਰਛਾਵਾਂ ਪੈ ਗਿਆ ਹੈ। ਫਿਰ, ਦੋ ਪ੍ਰਮੁੱਖ ਸਿਆਸੀ ਪਾਰਟੀਆਂ ਨੈਸ਼ਨਲ ਕਾਨਫ਼ਰੰਸ ਅਤੇ ਪੀਪਲ`ਜ਼ ਡੈਮੋਕ੍ਰੈਟਿਕ ਪਾਰਟੀ ਆਪਣੀ ਮਰਜ਼ੀ ਨਾਲ ਚੋਣ ਮੈਦਾਨ `ਚੋਂ ਬਾਹਰ ਹਨ। ਇੰਝ ਇਸ ਵੇਲੇ ਕਸ਼ਮੀਰ ਦੇ ਸਿਆਸੀ ਖ਼ਲਾਅ ਵਿੱਚ ਡਰ ਤੋਂ ਇਲਾਵਾ ਹੋਰ ਕੁਝ ਵੀ ਵਿਖਾਈ ਨਹੀਂ ਦੇ ਰਿਹਾ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:horrible shadow of militancy over JK s local elections