ਪਿਛਲੇ 14 ਦਿਨਾਂ ਅੰਦਰ ਦਿੱਲੀ ’ਚ ਸਵਾਈਨ ਫ਼ਲੂ ਦੇ 109 ਮਰੀਜ਼ ਮਿਲੇ ਹਨ। ਸਿਹਤ ਮੰਤਰਾਲੇ ਦੀ ਰਿਪੋਰਟ ਮੁਤਾਬਕ ਦਿੱਲੀ ’ਚ 1 ਜਨਵਰੀ ਤੋਂ ਬੀਤੀ 16 ਫ਼ਰਵਰੀ ਤੱਕ ਇਕੱਲੇ ਸਵਾਈਨ ਫ਼ਲੂ ਦੇ ਹੀ 152 ਮਰੀਜ਼ ਮਿਲ ਚੁੱਕੇ ਹਨ; ਜਦ ਕਿ 1 ਜਨਵਰੀ ਤੋਂ 16 ਫ਼ਰਵਰੀ ਤੱਕ 109 ਮਰੀਜ਼ਾਂ ਦੇ ਸਵਾਈਨ ਫ਼ਲੂ ਤੋਂ ਪੀੜਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।
ਤਾਮਿਲ ਨਾਡੂ ਤੋਂ ਬਾਅਦ ਦਿੱਲੀ ਹੀ ਇਸ ਮਾਮਲੇ ’ਚ ਦੂਜੇ ਨੰਬਰ ’ਤੇ ਹੈ, ਜਿੱਥੇ ਸਵਾਈਨ ਫ਼ਲੂ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਤਾਮਿਲ ਨਾਡੂ ’ਚ ਇਸੇ ਸਮੇਂ ਦੌਰਾਨ ਸਭ ਤੋਂ ਵੱਧ 174 ਮਰੀਜ਼ ਮਿਲੇ ਹਨ।
ਦਿੱਲੀ ਦੇ ਸਿਹਤ ਵਿਭਾਗ ਮੁਤਾਬਕ ਸਵਾਈਨ ਫ਼ਲੂ ਕਾਰਨ ਹਸਪਤਾਲਾਂ ’ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸਾਰੇ ਹਸਪਤਾਲਾਂ ਨੂੰ ਲੋੜੀਂਦੀਆਂ ਦਵਾਈਆਂ ਰੱਖਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਦਰਅਸਲ, ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ’ਚ ਚੀਨ ਤੋਂ ਆਉਣ ਵਾਲਿਆਂ ਦੀ ਜਾਂਚ ਦਾ ਸਿਲਸਿਲਾ ਜਾਰੀ ਹੈ।
ਕਈ ਮਰੀਜ਼ ਅਜਿਹੇ ਵੀ ਹਨ, ਜਿਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਖ਼ਦਸ਼ੇ ਕਾਰਨ ਭਰਤੀ ਕੀਤਾ ਗਿਆ ਸੀ ਪਰ ਜਾਂਚਾ ਦੌਰਾਨ ਸਵਾਈਨ ਫ਼ਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਨੂੰ H1N1 ਵਾਰਡ ’ਚ ਭੇਜ ਦਿੱਤਾ ਗਿਆ ਹੈ।
ਦੇਸ਼ ਭਰ ’ਚ 16 ਫ਼ਰਵਰੀ ਤੱਕ 884 ਮਰੀਜ਼ ਹਸਪਤਾਲਾਂ ’ਚ ਦਾਖ਼ਲ ਹੋ ਚੁੱਕੇ ਹਨ; ਜਿਨ੍ਹਾਂ ਵਿੱਚੋਂ 14 ਦੀ ਮੌਤ ਹੋ ਚੁੱਕੀ ਹੈ। ਉੱਤਰ ਪ੍ਰਦੇਸ਼ ’ਚ ਹੁਣ ਤੱਕ ਸਭ ਤੋਂ ਵੱਧ ਸੱਤ ਮਰੀਜ਼ਾਂ ਦੀ ਮੌਤ ਹੋਈ ਹੈ।