ਇੱਕ ਬਜ਼ੁਰਗ ਪਤਨੀ ਨੇ ਆਪਣੇ ਗੁਜ਼ਾਰੇ–ਭੱਤੇ ਲਈ ਅਰਜ਼ੀ ਦਿੱਤੀ ਸੀ; ਜਿਸ ਦੇ ਜਵਾਬ ਵਿੱਚ 89 ਸਾਲਾ ਬਜ਼ੁਰਗ ਪਤੀ ਨੇ ਅਦਾਲਤ ’ਚ ਜਵਾਬ ਦਿੱਤਾ ਕਿ ਉਹ ਪਤਨੀ ਨਾਲੋਂ ਜ਼ਿਆਦਾ ਸ਼ਰਾਬ ਨੂੰ ਪਿਆਰ ਕਰਦਾ ਹੈ; ਇਸ ਲਈ ਉਹ ਪਤਨੀ ਨੂੰ ਹੀ ਛੱਡ ਦੇਵੇਗਾ।
ਭੋਪਾਲ ਦੀ ਇੱਕ ਪਰਿਵਾਰਕ ਅਦਾਲਤ ’ਚ 69 ਸਾਲਾ ਔਰਤ ਨੇ ਆਪਣੇ ਪਤੀ ਤੋਂ ਗੁਜ਼ਾਰਾ–ਭੱਤਾ ਲੈਣ ਲਈ ਅਰਜ਼ੀ ਦਿੱਤੀ ਸੀ। ਇਸ ਮਾਮਲੇ ’ਚ ਜਦੋਂ ਜੱਜ ਨੇ ਦੋਵਾਂ ਦੀ ਕਾਊਂਸਲਿੰਗ ਕਰਵਾਈ, ਤਾਂ ਪਤਾ ਚੱਲਿਆ ਕਿ ਬਜ਼ੁਰਗ ਔਰਤ ਨੇ ਆਪਣੇ ਪਤੀ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ ਹੈ।
ਬਜ਼ੁਰਗ ਔਰਤ ਤੋਂ ਜਦੋਂ ਪੁੱਛਿਆ ਗਿਆ, ਤਾਂ ਉਸ ਨੇ ਦੱਸਿਆ ਕਿ ਉਸ ਦਾ ਪਤੀ ਸ਼ਰਾਬ ਪੀ ਕੇ ਉਸ ਨੂੰ ਕੁੱਟਦਾ–ਮਾਰਦਾ ਹੈ। ਤਦ ਸਮਝੌਤਾ ਕਰਵਾ ਰਹੀ ਫ਼ੈਮਿਲੀ ਕੋਰਟ ਦੇ ਚੀਫ਼ ਜਸਟਿਸ ਆਰਐੱਨ ਚੰਦ ਨੇ ਬਜ਼ੁਰਗ ਪਤੀ ਨੂੰ ਸ਼ਰਾਬ ਛੱਡਣ ਲਈ ਆਖਿਆ। ਪਰ ਜਵਾਬ ਵਿੱਚ ਬਜ਼ੁਰਗ ਪਤੀ ਨੇ ਕਿਹਾ ਕਿ ‘ਹਰ ਵੇਲੇ ਬਕ–ਬਕ ਤੇ ਚਿੜ–ਚਿੜ ਕਰਨ ਵਾਲੀ ਪਤਨੀ ਨੂੰ ਛੱਡ ਸਕਦਾ ਹਾਂ ਪਰ ਸ਼ਰਾਬ ਨਹੀਂ ਛੱਡ ਸਕਦਾ।’
ਤਦ ਜੱਜ ਨੇ ਪਤੀ ਨੂੰ ਪੈਨਸ਼ਨ ਵਿੱਚੋਂ 10,000 ਰੁਪਏ ਗੁਜ਼ਾਰੇ–ਭੱਤੇ ਦੇ ਤੌਰ ’ਤੇ ਪਤਨੀ ਨੂੰ ਦੇਣ ਦੀ ਗੱਲ ਆਖੀ, ਤਾਂ ਬਜ਼ੁਰਗ ਪਤੀ ਨੇ ਇਸ ਲਈ ਤੁਰੰਤ ‘ਹਾਂ’ ਕਰ ਦਿੱਤੀ।
ਬਜ਼ੁਰਗ ਪਤੀ PHE ’ਚ ਨੌਕਰੀ ਕਰਦਾ ਰਿਹਾ ਹੈ ਪਰ ਸੇਵਾ–ਮੁਕਤੀ ਤੋਂ ਬਾਅਦ ਮਿਲਣ ਵਾਲੀ ਸਾਰੀ ਪੈਨਸ਼ਨ ਉਹ ਸ਼ਰਾਬ ’ਤੇ ਹੀ ਖ਼ਰਚ ਕਰਦਾ ਰਿਹਾ ਹੈ। ਸ਼ਿਕਾਇਤ ਮੁਤਾਬਕ ਉਹ ਆਪਣੀ ਪਤਨੀ ਨਾਲ ਕੁੱਟਮਾਰ ਵੀ ਕਰਦਾ ਰਿਹਾ ਹੈ ਤੇ ਗਾਲ਼ਾਂ ਵੀ ਕੱਢਦਾ ਰਿਹਾ ਹੈ।
ਦੋਵਾਂ ਦੀ ਧੀ ਆਪਣੀ ਮਾਂ ਨਾਲ ਹੈ। ਬਜ਼ੁਰਗ ਪਤੀ ਦੇ ਆਪਣੇ ਦੁਖੜੇ ਹਨ – ਉਸ ਨੇ ਕਿਹਾ ਕਿ ਉਹ ਇਸ ਉਮਰ ਵਿੱਚ ਸ਼ਰਾਬ ਨਹੀਂ ਛੱਡ ਸਕਦਾ ਕਿਉਂਕਿ ਜਿਸ ਦਿਨ ਵੀ ਉਸ ਨੇ ਸ਼ਰਾਬ ਛੱਡ ਦਿੱਤੀ, ਤਾਂ ਉਹ ਮਰ ਜਾਵੇਗਾ। ਉਸ ਨੇ ਪਹਿਲਾਂ ਇੱਕ ਵਾਰ ਸ਼ਰਾਬ ਛੱਡ ਦਿੱਤੀ ਸੀ ਪਰ ਤਦ ਉਸ ਨੂੰ ਹਸਪਤਾਲ ’ਚ ਦਾਖ਼ਲ ਹੋਣਾ ਪਿਆ ਸੀ।
ਤਦ ਡਾਕਟਰ ਨੇ ਇਹੋ ਸਲਾਹ ਦਿੱਤੀ ਸੀ ਕਿ ਉਹ ਸ਼ਰਾਬ ਘਟਾ ਜ਼ਰੂਰ ਸਕਦਾ ਹੈ – ਤਦ ਤੋਂ ਉਹ ਕੁਝ ਘੱਟ ਸ਼ਰਾਬ ਪੀਣ ਲੱਗਾ ਹੈ।