ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਸਮੂਹਕ ਬਲਾਤਕਾਰ, ਹੱਤਿਆ ਅਤੇ ਸਾੜ ਦੇਣ ਦੀ ਦਿਲ ਦਹਿਲਾਉਣ ਵਾਲੇ ਮਾਮਲੇ 'ਚ ਲਾਪਰਵਾਹੀ ਵਰਤਣ ਵਾਲੇ ਤਿੰਨ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ 'ਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤੀ ਗਿਆ ਹੈ। ਇਨ੍ਹਾਂ 'ਚ ਇੱਕ ਸਬ ਇੰਸਪੈਕਟਰ ਅਤੇ ਦੋ ਕਾਂਸਟੇਬਲ ਸ਼ਾਮਲ ਹਨ। ਇਸ ਮਾਮਲੇ ਦੇ ਚਾਰੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।

ਬੀਤੇ ਦਿਨੀਂ ਨਾਰਾਜ਼ ਭੀੜ ਨੇ ਥਾਣੇ ਦਾ ਘਿਰਾਓ ਕਰ ਲਿਆ ਸੀ, ਜਿੱਥੇ ਮੁਲਜ਼ਮਾਂ ਨੇ ਰੱਖਿਆ ਗਿਆ ਸੀ। ਭੀੜ ਦੇ ਰੋਸ ਪ੍ਰਦਰਸ਼ਨ ਨੂੰ ਵੇਖਦਿਆਂ ਥਾਣੇ 'ਚ ਹੀ ਕਾਰਜਕਾਰੀ ਮੈਜਿਸਟ੍ਰੇਟ ਨੇ ਨਿਆਂਇਕ ਹਿਰਾਸਤ ਦੇ ਹੁਕਮ ਜਾਰੀ ਕੀਤੇ ਸਨ। ਉੱਧਰ ਸਥਾਨਕ ਬਾਰ ਐਸੋਸੀਏਸ਼ਨ ਨੇ ਇਸ ਮਾਮਲੇ ਦੇ ਮੁਲਜ਼ਮਾਂ ਨੂੰ ਕੋਈ ਕਾਨੂੰਨੀ ਮਦਦ ਨਾ ਦੇਣ ਦਾ ਫੈਸਲਾ ਕੀਤਾ ਹੈ।
ਮੀਡੀਆ ਰਿਪੋਰਟ ਮੁਤਾਬਕ ਮੁਅੱਤਲ ਕੀਤੇ ਗਏ ਪੁਲਿਸ ਮੁਲਾਜ਼ਮਾਂ 'ਚ ਸਬ ਇੰਸਪੈਕਟਰ ਰਵੀ ਕੁਮਾਰ, ਕਾਂਸਟੇਬਲ ਵੇਣੁਗੋਪਾਲ ਰੈੱਡੀ ਅਤੇ ਸਤਿਆਨਾਰਾਇਣ ਗੌੜ ਦਾ ਨਾਂ ਸ਼ਾਮਲ ਹੈ। ਇਨ੍ਹਾਂ ਨੂੰ ਲਾਪਰਵਾਹੀ ਵਰਤਣ ਦੇ ਦੋਸ਼ 'ਚ ਮੁਅੱਤਲ ਕੀਤਾ ਗਿਆ ਹੈ। ਸ਼ਨਿੱਚਰਵਾਰ ਨੂੰ ਥਾਣੇ ਦੇ ਘਿਰਾਓ ਸਮੇਂ ਭੀੜ ਨੇ ਪ੍ਰਦਰਸ਼ਨ ਕਰਕੇ ਮੁਲਜ਼ਮਾਂ ਵਿਰੁੱਧ ਨਾਹਰੇਬਾਜੀ ਕੀਤੀ ਸੀ।

ਜ਼ਿਕਰਯੋਗ ਹੈ ਕਿ ਹੈਦਰਾਬਾਦ-ਬੰਗਲੁਰੂ ਹਾਈਵੇਅ 'ਤੇ 28 ਨਵੰਬਰ ਨੂੰ ਮਹਿਲਾ ਸਰਕਾਰੀ ਡਾਕਟਰ ਦੀ ਲਾਸ਼ ਮਿਲੀ ਸੀ। ਮਹਿਲਾ ਡਾਕਟਰ ਨਾਲ ਸਮੂਹਕ ਬਲਾਤਕਾਰ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਮੁਲਜ਼ਮਾਂ ਨੇ ਉਸ ਦੀ ਲਾਸ਼ ਨੂੰ ਸਾੜ ਕੇ ਇਕ ਪੁੱਲ ਹੇਠਾਂ ਸੁੱਟ ਦਿੱਤਾ ਸੀ। ਹੈਦਰਾਬਾਦ ਪੁਲਿਸ ਨੇ ਸੀਸੀਟੀਵੀ ਫੁਟੇਜ਼ ਦੇ ਆਧਾਰ 'ਤੇ ਉਕਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਟਰੱਕ ਡਰਾਈਵਰ ਅਤੇ ਕਲੀਨਰ ਹਨ। ਇਨ੍ਹਾਂ ਨੇ ਸ਼ਰਾਬ ਪੀਣ ਤੋਂ ਬਾਅਦ ਮਹਿਲਾ ਡਾਕਟਰ ਨੂੰ 7 ਘੰਟੇ ਤਕ ਬੰਦੀ ਬਣਾ ਕੇ ਸਮੂਹਕ ਬਲਾਤਕਾਰ ਕੀਤਾ ਸੀ। ਇਸ ਤੋਂ ਬਾਅਦ ਉਸ ਦੀ ਹੱਤਿਆ ਕਰ ਕੇ ਲਾਸ਼ 30 ਕਿਲੋਮੀਟਰ ਦੂਰ ਲਿਜਾ ਕੇ ਅੱਗ ਲਗਾ ਦਿੱਤੀ ਸੀ।

ਵੈਟਰਨਰੀ ਡਾਕਟਰ ਸ਼ਾਦਨਗਰ 'ਚ ਰਹਿੰਦੀ ਸੀ ਅਤੇ ਇੱਥੋਂ ਲਗਭਗ 30 ਕਿਲੋਮੀਟਰ ਦੂਰ ਸ਼ਮਸਾਬਾਦ 'ਚ ਇੱਕ ਵੈਟਰਨਰੀ ਹਸਪਤਾਲ 'ਚ ਕੰਮ ਕਰਦੀ ਸੀ। ਉਹ ਰੋਜ਼ਾਨਾ ਹੈਦਰਾਬਾਦ-ਬੰਗਲੁਰੂ ਨੈਸ਼ਨਲ ਹਾਈਵੇਅ 'ਤੇ ਸਥਿਤ ਤੋਂਡੁਪੱਲੀ ਟੋਲ ਪਲਾਜ਼ਾ 'ਤੇ ਆਪਣੀ ਸਕੂਟੀ ਪਾਰਕ ਕਰਦੀ ਸੀ ਅਤੇ ਇੱਥੋਂ ਕੈਬ ਲੈ ਕੇ ਹਸਪਤਾਲ ਤੱਕ ਜਾਂਦੀ ਸੀ। ਡਾਕਟਰ ਨਾਲ ਬੁੱਧਵਾਰ ਰਾਤ ਤੋਂ ਵੀਰਵਾਰ ਤੜਕੇ ਤਕ ਬਲਾਤਕਾਰ ਹੋਇਆ।