ਹੈਦਰਾਬਾਦ 'ਚ ਇੱਕ ਸਰਕਾਰੀ ਕਾਲਜ 'ਚ ਗ੍ਰੈਜੁਏਸ਼ਨ ਦੀਆਂ ਤਿੰਨ ਵਿਦਿਆਰਥਣਾਂ ਗਰਭਵਤੀ ਪਾਈ ਗਈਆਂ ਹਨ। ਹੈਦਰਾਬਾਦ ਦੇ ਕੁਮਾਰਮਭੀਮ ਅਸੀਫਾਬਾਦ ਜ਼ਿਲ੍ਹੇ 'ਚ ਸਥਿਤ ਇੱਕ ਸਰਕਾਰੀ ਕਾਲਜ 'ਚ ਰੂਟੀਨ 'ਚ ਹੋਣ ਵਾਲੇ ਸਿਹਤ ਜਾਂਚ ਪ੍ਰੋਗਰਾਮ ਦੌਰਾਨ ਤਿੰਨ ਵਿਦਿਆਰਥਣਾਂ ਗਰਭਵਤੀ ਪਾਈਆਂ ਗਈਆਂ ਸਨ। ਦੋਸ਼ ਹੈ ਕਿ ਉਨ੍ਹਾਂ ਤਿੰਨਾਂ ਨਾਲ ਸ਼ਰੀਰਕ ਸ਼ੋਸ਼ਣ ਕੀਤਾ ਗਿਆ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ (ਡੀਸੀਪੀਓ) ਮੁਤਾਬਿਕ ਹਾਲ ਹੀ 'ਚ ਕਾਲਜ ਵਿੱਚ 10 ਵਿਦਿਆਰਥਣਾਂ ਦਾ ਰੂਟੀਨ ਹੈਲਥ ਚੈਕਅਪ ਕੀਤਾ ਗਿਆ। ਇਸ ਦੌਰਾਨ ਇਨ੍ਹਾਂ 'ਚੋਂ 3 ਵਿਦਿਆਰਥਣਾਂ ਗਰਭਵਤੀ ਮਿਲੀਆਂ। ਡੀਸੀਪੀਓ ਨੇ ਸ਼ੱਕ ਪ੍ਰਗਟਾਇਆ ਹੈ ਕਿ ਇਨ੍ਹਾਂ ਤਿੰਨਾਂ ਵਿਦਿਆਰਥਣਾਂ ਨਾਲ ਕੁੱਝ ਸਮੇਂ ਪਹਿਲਾਂ ਜਿਨਸੀ ਸ਼ੋਸ਼ਣ ਕੀਤਾ ਗਿਆ ਹੋਵੇਗਾ।
ਇਨ੍ਹਾਂ 'ਚੋਂ ਦੋ ਵਿਦਿਆਰਥਣਾਂ ਬੀਐਸਸੀ ਫਸਟ ਈਯਰ 'ਚ ਪੜ੍ਹਦੀਆਂ ਹਨ, ਜਦਕਿ ਤੀਜੀ ਪੀੜਤਾ ਬੀਐਸਸੀ ਸੈਕਿੰਡ ਈਯਰ ਦੀ ਵਿਦਿਆਰਥਣ ਹੈ। ਦੋਸ਼ੀਆਂ ਦੀ ਪਛਾਣ ਹਾਲੇ ਤਕ ਪੀੜਤ ਲੜਕੀਆਂ ਵੱਲੋਂ ਨਹੀਂ ਕੀਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਹੈਲਥ ਚੈਕਅਪ ਬੀਤੀ 21 ਨਵੰਬਰ ਨੂੰ ਕੀਤਾ ਗਿਆ ਸੀ ਪਰ ਇਸ ਬਾਰੇ ਜਾਣਕਾਰੀ ਬੀਤੇ ਦਿਨੀਂ ਸ਼ਨਿੱਚਰਵਾਰ ਨੂੰ ਸਾਹਮਣੇ ਆਈ।
ਸ਼ੁਰੂਆਤੀ ਜਾਂਚ 'ਚ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੇੜੇ ਰਹਿਣ ਵਾਲੇ ਇੱਕ ਵਿਅਕਤੀ ਨੇ ਉਨ੍ਹਾਂ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ। ਕਾਲਜ ਵੱਲੋਂ ਹਾਲੇ ਤਕ ਮੁਲਜ਼ਮ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਕਰਵਾਇਆ ਗਿਆ ਹੈ।