ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਈਏਐੱਸ ਜੋੜੀ ਨੇ ਪੌਣੇ ਦੋ ਸਾਲ ਦਾ ਬੱਚਾ ਆਂਗਨਵਾੜੀ `ਚ ਦਾਖ਼ਲ ਕਰਵਾਇਆ

ਆਈਏਐੱਸ ਜੋੜੀ ਸਵਾਤੀ ਭਦੌਰੀਆ ਅਤੇ ਨਿਤਿਨ ਭਦੌਰੀਆ

ਉੱਚ ਅਧਿਕਾਰੀ ਆਮ ਤੌਰ `ਤੇ ਆਪਣੇ ਬੱਚਿਆਂ ਨੂੰ ਜਿੱਥੇ ਮਹਿੰਗੇ ਤੋਂ ਮਹਿੰਗੇ ਪ੍ਰਾਈਵੇਟ ਸਕੂਲਾਂ `ਚ ਪੜ੍ਹਾਉਣ ਦੀ ਦੋੜ `ਚ ਲੱਗੇ ਹੋਏ ਹਨ; ਉੱਥੇ ਸੂਬੇ ਦੀ ਇੱਕ ਆਈਏਐੱਸ ਜੋੜੀ ਨੇ ਆਪਣੇ ਪੌਣੇ ਦੋ ਸਾਲ ਦੇ ਪੁੱਤਰ ਦਾ ਦਾਖ਼ਲਾ ਆਂਗਨਵਾੜੀ `ਚ ਕਰਵਾਇਆ ਹੈ। ਬੇਟੇ ਨੂੰ ਦਾਖ਼ਲਾ ਦਿਵਾਉਣ ਲਈ ਜਿ਼ਲ੍ਹਾ ਮੈਜਿਸਟ੍ਰੇਟ ਸਵਾਤੀ ਭਦੌਰੀਆ ਆਪਣੇ ਪੁੱਤਰ ਨੂੰ ਖ਼ੁਦ ਗੋਦੀ ਚੁੱਕ ਕੇ ਆਂਗਨਵਾੜੀ ਕੇਂਦਰ ਤੱਕ ਲੈ ਕੇ ਗਏ। ਸਵਾਤੀ ਦੇ ਪਤੀ ਨਿਤਿਨ ਭਦੌਰੀਆ ਅਲਮੋੜਾ ਦੇ ਜਿ਼ਲ੍ਹਾ ਅਧਿਕਾਰੀ ਹਨ।


ਮੰਗਲਵਾਰ ਸਵੇਰੇ ਜਿ਼ਲ੍ਹਾ ਅਧਿਕਾਰੀ ਸਵਾਤੀ ਭਦੌਰੀਆ ਆਪਣੇ ਇੱਕ ਸਾਲ-ਅੱਠ ਮਹੀਨਿਆਂ ਦੇ ਪੁੱਤਰ ਅਭਯੁਦੇਯ ਨੂੰ ਗੋਦੀ ਚੁੱਕ ਕੇ ਗੋਪੇਸ਼ਵਰ ਪਿੰਡ ਦੇ ਪ੍ਰਾਇਮਰੀ ਸਕੂਲ `ਚ ਲੱਗੇ ਟੀਨ ਦੇ ਸ਼ੈੱਡ ਹੇਠਾਂ ਚੱਲਦੇ ਆਂਗਨਵਾੜੀ ਕੇਂਦਰ `ਚ ਪੁੱਜੇ। ਇੱਥੇ ਉਨ੍ਹਾਂ ਆਂਗਨਵਾੜੀ ਕੇਂਦਰ ਦੀ ਮੁਖੀ ਨੂੰ ਆਪਣੇ ਪੁੱਤਰ ਦਾ ਨਾਂਅ ਆਂਗਨਵਾੜੀ ਕੇਂਦਰ `ਚ ਦਰਜ ਕਰਨ ਲਈ ਆਖਿਆ।


ਦਾਖ਼ਲੇ ਤੋਂ ਬਾਅਦ ਸਵਾਤੀ ਹੁਰਾਂ ਦੇ ਪੁੱਤਰ ਅਭਯੁਦੇਯ ਨੂੰ ਆਂਗਨਵਾੜੀ ਕੇਂਦਰ ਦੀ ਜਮਾਤ ਵਿੱਚ ਹੋਰ ਸਾਰੇ ਬੱਚਿਆਂ ਨਾਲ ਬਿਠਾਇਆ ਗਿਆ। ਬੱਚੇ ਨੇ ਕੇਂਦਰ ਵਿੱਚ ਹੋਰ ਬੱਚਿਆਂ ਨਾਲ ਜਮਾਤ ਵਿੱਚ ਖੇਡ-ਖੇਡ ਵਿੱਚ ਹੀ ਪੜ੍ਹਨ ਦੀ ਸ਼ੁਰੂਆਤ ਕੀਤੀ ਤੇ ਹੋਰ ਬੱਚਿਆਂ ਨਾਲ ਉੱਥੇ ਹੀ ਬਣਿਆ ਭੋਜਨ ਵੀ ਖਾਧਾ।


ਜਿ਼ਲ੍ਹਾ ਮੈਜਿਸਟਰੇਟ ਆਪਣੇ ਪੁੱਤਰ ਨੂੰ ਆਂਗਨਵਾੜੀ ਕੇਂਦਰ `ਚ ਦਾਖ਼ਲਾ ਦਿਵਾਉਣ ਤੋਂ ਬਾਅਦ ਆਪਣੀ ਡਿਊਟੀ `ਤੇ ਚਲੇ ਗਏ। ਆਂਗਨਵਾੜੀ ਕੇਂਦਰ `ਚ ਬੱਚੇ ਦਾ ਕਿਉਂਕਿ ਪਹਿਲਾ ਦਿਨ ਸੀ; ਇਸੇ ਲਈ ਜਿ਼ਲ੍ਹਾ ਮੈਜਿਸਟ੍ਰੇਟ ਦੇ ਇੱਕ ਸਹਾਇਕਾ ਉੱਥੇ ਬੱਚੇ ਨਾਲ ਮੌਜੂਦ ਰਹੀ।


ਆਈਏਐੱਸ ਜੋੜੀ ਦੀ ਇਸ ਹਾਂ-ਪੱਖੀ ਪਹਿਲ ਕਾਰਨ ਆਂਗਨਵਾੜੀ `ਚ ਪੜ੍ਹਦੇ ਹੋਰ ਬੱਚਿਆਂ ਦੇ ਮਾਪੇ ਵੀ ਬਹੁਤ ਖ਼ੁਸ਼ ਵਿਖਾਈ ਦਿੱਤੇ। ਗੋਪੇਸ਼ਵਰ ਵਿੱਚ ਪ੍ਰਾਈਵੇਟ ਪਲੇਅਵੇਅ ਸਕੂਲ ਤੇ ਬੱਚਿਆਂ ਦੇ ਕ੍ਰੈੱਚ ਵੀ ਹਨ ਪਰ ਡੀਐੱਮ ਵੱਲੋਂ ਆਪਣੇ ਪੁੱਤਰ ਦਾ ਦਾਖ਼ਲਾ ਆਂਗਨਵਾੜੀ `ਚ ਕੀਤੇ ਜਾਣ ਦੀ ਹੁਣ ਡਾਢੀ ਸ਼ਲਾਘਾ ਹੋ ਰਹੀ ਹੈ।


ਸ੍ਰੀਮਤੀ ਸਵਾਤੀ ਭਦੌਰੀਆ ਨੇ ਕਿਹਾ ਕਿ ਉਹ ਜਦੋਂ ਤੱਕ ਇਸ ਜਿ਼ਲ੍ਹੇ `ਚ ਰਹਿਣਗੇ, ਤਦ ਤੱਕ ਉਹ ਆਪਣੇ ਬੱਚੇ ਨੂੰ ਇਸੇ ਆਂਗਨਵਾੜੀ ਕੇਂਦਰ `ਚ ਪੜ੍ਹਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਬੱਚੇ ਆਪਣੇ ਸਾਥੀ ਬੱਚਿਆਂ `ਚ ਰਹਿ ਕੇ ਵਧੀਆ ਤਰੀਕੇ ਨਾਲ ਸਿੱਖ ਸਕਦੇ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IAS couple admitted son in Anganwadi