ਜੇ ਤੁਸੀਂ ਕੋਈ ਪ੍ਰਾਈਵੇਟ ਨੌਕਰੀ ਕਰਦੇ ਹੋ ਅਤੇ ਜੇ ਕਿਸੇ ਕਾਰਨ ਕਰ ਕੇ ਤੁਹਾਡੀ ਨੌਕਰੀ ਚਲੀ ਜਾਂਦੀ ਹੈ, ਤਾਂ ਸਰਕਾਰ ਤੁਹਾਨੂੰ ਦੋ ਸਾਲ ਭਾਵ ਪੂਰੇ 24 ਮਹੀਨਿਆਂ ਤੱਕ ਪੈਸੇ ਦੇਵੇਗੀ। ਦਰਅਸਲ, ਕਰਮਚਾਰੀ ਰਾਜ ਬੀਮਾ ਨਿਗਮ (ESIC) ਵੱਲੋਂ ‘ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ’ (ABVKY) ਅਧੀਨ ਨੌਕਰੀ ਜਾਣ ’ਤੇ ਆਰਥਿਕ ਮਦਦ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ESIC ਨੇ ਟਵੀਟ ਕਰ ਕੇ ਦਿੱਤੀ ਹੈ।
ESIC ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਰੁਜ਼ਗਾਰ ਖੁੱਸਣ ਦਾ ਮਤਲਬ ਆਮਦਨ ਦਾ ਨੁਕਸਾਨ ਨਹੀਂ ਹੈ। ESIC ਰੁਜ਼ਗਾਰ ਦੇ ਬਿਨਾ ਇੱਛਾ ਨੁਕਸਾਨ ਜਾਂ ਰੁਜ਼ਗਾਰ ਜਾਣ ਦੀ ਹਾਲਤ ਵਿੱਚ 24 ਮਹੀਨਿਆਂ ਲਈ ਮਾਸਿਕ ਨਕਦ ਰਾਸ਼ੀ ਦਾ ਭੁਗਤਾਨ ਕਰਦਾ ਹੈ।
ਇਸ ਯੋਜਨਾ ਦਾ ਲਾਭ ਲੈਣ ਲਈ ESIC ਦੀ ਵੈੱਬਸਾਈਟ ’ਤੇ ਜਾ ਕੇ ਫ਼ਾਰਮ ਡਾਊਨਲੋਡ ਕੀਤਾ ਜਾ ਸਕਦਾ ਹੈ। ਫ਼ਾਰਮ ਨਾਲ 20 ਰੁਪਏ ਦੇ ਨਾੱਨ–ਜੁਡੀਸ਼ੀਅਲ ਪੇਪਰ ਵੁੱਤੇ ਨੋਟਰੀ ਤੋਂ ਹਲਫ਼ੀਆ ਬਿਆਨ ਦਿਵਾਉਣਾ ਹੋਵੇਗਾ। ਇਸ ਵਿੱਚ AB-1 ਤੋਂ ਲੈ ਕੇ AB-4 ਫ਼ਾਰਮ ਜਮ੍ਹਾ ਕਰਵਾਇਆ ਜਾਵੇਗਾ।
ਵਿਭਾਗ ਵੱਲੋਂ ਇਸ ਲਈ ਆੱਨਲਾਈਨ ਸਹੂਲਤ ਵੀ ਸ਼ੁਰੂ ਹੋਣ ਵਾਲੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਯੋਜਨਾ ਦਾ ਲਾਭ ਤੁਸੀਂ ਸਿਰਫ਼ ਇੱਕ ਵਾਰ ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ www.esic.nic.in ਉੱਤੇ ਜਾ ਸਕਦੇ ਹੋ।
ESIC ਨੇ ਸੁਪਰ ਸਪੈਸ਼ਿਐਲਿਟੀ ਟ੍ਰੀਟਮੈਂਟ ਲਈ ਆਪਣੇ ਨਿਯਮਾਂ ਵਿੱਚ ਤਬਦੀਲੀ ਕੀਤੀ ਹੈ। ਹੁਣ ਤੁਹਾਨੂੰ ਇਲਾਜ ਲਈ 2 ਸਾਲਾਂ ਦੀ ਉਡੀਕ ਨਹੀਂ ਕਰਨੀ ਪਵੇਗੀ। ਸਰਕਾਰ ਨੇ ਦੋ ਸਾਲਾਂ ਦੀ ਸਮਾਂ–ਸੀਮਾ ਨੂੰ ਘਟਾ ਕੇ ਛੇ ਮਹੀਨੇ ਕਰ ਦਿੱਤਾ ਹੈ। ਇਸ ਦੇ ਨਾਲ ਹੀ ਯੋਗਦਾਨ ਦੀ ਸ਼ਰਤ 78 ਦਿਨਾਂ ਦੀ ਕਰ ਦਿੱਤੀ ਗਈ ਹੈ।
ESIC ਤੋਂ ਬੀਮਾ–ਪ੍ਰਾਪਤ ਕੋਈ ਵੀ ਅਜਿਹਾ ਵਿਅਕਤੀ ਜੇ ਕਿਸੇ ਕਾਰਨ ਕੰਪਨੀ ’ਚੋਂ ਕੱਢ ਦਿੱਤਾ ਜਾਂਦਾ ਹੈ ਜਾਂ ਉਸ ਵਿਅਕਤੀ ਉੱਤੇ ਕਿਸੇ ਤਰ੍ਹਾਂ ਦਾ ਅਪਰਾਧਕ ਮੁਕੱਦਮਾ ਦਰਜ ਹੁੰਦਾ ਹੈ, ਤਾਂ ਉਸ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲਦਾ। ਇਸ ਤੋਂ ਇਲਾਵਾ ਜਿਹੜੇ ਵਿਅਕਤੀ ਆਪਣੀ ਮਰਜ਼ੀ ਨਾਲ ਰਿਟਾਇਰਮੈਂਟ (VRS) ਲੈਂਦੇ ਹਨ, ਉਨ੍ਹਾਂ ਨੂੰ ਵੀ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ।