1 ਜਨਵਰੀ ਤੋਂ ਸਿਰਫ ਸਾਲ ਹੀ ਨਹੀਂ ਬਦਲ ਰਿਹਾ, ਸਗੋਂ ਇਸ ਦੇ ਨਾਲ ਕੁੱਝ ਨਿਯਮਾਂ 'ਚ ਵੀ ਬਦਲਾਅ ਹੋਣ ਜਾ ਰਹੇ ਹਨ। ਇਸ 'ਚ ਸੋਨਾ-ਚਾਂਦੀ ਦੀਆਂ ਕੀਮਤਾਂ ਤੋਂ ਲੈ ਕੇ ਆਧਾਰ ਕਾਰਡ, ਏਟੀਐਮ ਕਾਰਡ ਅਤੇ ਇੰਸ਼ੋਰੈਂਸ ਸ਼ਾਮਿਲ ਹੈ। ਇਸ 'ਚ ਸੱਭ ਤੋਂ ਜ਼ਰੂਰੀ ਇਹ ਹੈ ਕਿ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਜੋੜਿਆ ਹੈ ਜਾਂ ਨਹੀਂ। ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਹ ਬਦਲਾਅ ਕਿੱਥੇ-ਕਿੱਥੇ ਹੋ ਰਹੇ ਹਨ ਅਤੇ ਕਿਸ ਦਾ ਕਿੰਨਾ ਅਸਰ ਤੁਹਾਡੇ 'ਤੇ ਪਵੇਗਾ।
1 ਜਨਵਰੀ ਤੋਂ ਆਪ੍ਰੇਟਿਵ ਨਹੀਂ ਹੋਵੇਗਾ ਤੁਹਾਡਾ ਪੈਨ ਕਾਰਡ :
ਸੱਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ 31 ਦਸੰਬਰ ਤਕ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਅੰਤਮ ਤਰੀਕ ਹੈ। ਜੇ ਤੁਸੀ ਅਜਿਹਾ ਨਹੀਂ ਕੀਤਾ ਹੈ ਤਾਂ 1 ਜਨਵਰੀ ਤੋਂ ਤੁਹਾਡਾ ਪੈਨ ਕਾਰਡ ਕੰਮ ਨਹੀਂ ਕਰੇਗਾ। ਜੇ ਤੁਹਾਡਾ ਪੈਨ ਕਾਰਡ ਵੈਧ ਨਹੀਂ ਹੋਵੇਗਾ ਤਾਂ ਤੁਸੀ ਇਨਕਮ ਟੈਕਸ, ਨਿਵੇਸ਼ ਜਾਂ ਲੋਨ ਆਦਿ ਨਾਲ ਸਬੰਧਤ ਕੋਈ ਵੀ ਕੰਮ ਨਹੀਂ ਕਰ ਸਕੋਗੇ। ਪੈਨ ਕਾਰਡ ਨੂੰ ਇਸ ਤਰ੍ਹਾਂ ਆਨਲਾਈਨ ਆਧਾਰ ਕਾਰਡ ਨਾਲ ਲਿੰਗ ਕਰੋ।
ਸਭ ਤੋਂ ਪਹਿਲਾਂ ਜੇਕਰ ਤੁਹਾਡਾ ਅਕਾਉਂਟ ਨਹੀਂ ਬਣਿਆ ਹੈ ਤਾਂ ਪਹਿਲਾਂ ਖ਼ੁਦ ਨੂੰ ਰਜਿਸਟਰ ਕਰੋ।
ਇਨਕਮ ਟੈਕਸ ਵਿਭਾਗ ਦੀ ਈ-ਫਾਈਲਿੰਗ ਵੈੱਬਸਾਈਟ (www.incometaxindiafilling.gov.in) 'ਤੇ ਜਾਓ।
ਲਾਗਇਨ ਕਰਨ ਤੋਂ ਬਾਅਦ ਆਪਣੇ ਅਕਾਉਂਟ ਦੀ ਪ੍ਰੋਫਾਈਲ ਸੈਟਿੰਗ 'ਚ ਜਾਓ।
ਵੈੱਬਸਾਈਟ 'ਤੇ ਇਕ ਆਪਸ਼ਨ ਦਿਖਾਈ ਦੇਵੇਗੀ 'ਲਿੰਕ ਆਧਾਰ', ਇੱਥੇ ਕਲਿੱਕ ਕਰੋ।
ਪ੍ਰੋਫਾਈਲ ਸੈਟਿੰਗ ਵਿਚ ਤੁਹਾਨੂੰ ਆਧਾਰ ਕਾਰਡ ਲਿੰਕ ਕਰਨ ਦਾ ਆਪਸ਼ਨ ਦਿਸੇਗਾ, ਇਸ ਨੂੰ ਸਿਲੈਕਟ ਕਰੋ।
ਇੱਥੇ ਦਿੱਤੇ ਗਏ ਸੈਕਸ਼ਨ ਵਿਚ ਆਪਣਾ ਆਧਾਰ ਨੰਬਰ ਅਤੇ ਕੈਪਚਾ ਕੋਡ ਭਰੋ।
ਜਾਣਕਾਰੀ ਭਰਨ ਤੋਂ ਬਾਅਦ ਹੇਠਾਂ ਦਿਸ ਰਹੇ 'ਲਿੰਕ ਆਧਾਰ' ਆਪਸ਼ਨ 'ਤੇ ਕਲਿੱਕ ਕਰੋ।
ਇੰਨਾ ਕਰਦਿਆਂ ਹੀ ਤੁਹਾਡਾ ਆਧਾਰ ਕਾਰਡ ਅਤੇ ਪੈਨ ਕਾਰਡ ਆਪਸ ਵਿਚ ਲਿੰਕ ਹੋ ਜਾਣਗੇ।

ਫਰਿੱਜ-ਟੀਵੀ ਹੋਣਗੇ ਮਹਿੰਗੇ :
ਜਿਨ੍ਹਾਂ ਲੋਕਾਂ ਨੇ ਨਵੇਂ ਸਾਲ 'ਚ ਟੀਵੀ ਤੇ ਫਰਿੱਜ ਖਰੀਦਣ ਦੀ ਪਲਾਨਿੰਗ ਕੀਤੀ ਹੋਈ ਹੈ, ਉਨ੍ਹਾਂ ਨੂੰ ਖਰੀਦੇ ਗਏ ਉਤਪਾਦਾਂ 'ਤੇ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ। ਕੰਜਿਊਮਰ ਪ੍ਰੋਡਕਟ ਇੰਡਸਟਰੀ (Consumer Product Industry) ਮੁਤਾਬਿਕ ਆਲਮੀ ਪੱਧਰ 'ਤੇ ਟੀਵੀ ਤੇ ਫਰਿੱਜ ਦੀਆਂ ਕੀਮਤਾਂ 'ਚ 15 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਸੇ ਕਾਰਨ ਜਨਵਰੀ 2020 'ਚ ਟੀਵੀ ਦੀਆਂ ਕੀਮਤਾਂ ਵਧਣਗੀਆਂ। ਉੱਥੇ ਹੀ ਨਵੇਂ ਊਰਜਾ ਲੈਬਲਿੰਗ ਸਟੈਂਡਰਡ ਵੀ ਜਨਵਰੀ 2020 ਤੋਂ ਲਾਗੂ ਹੋਣਗੇ। ਇਸ ਕਾਰਨ ਫਾਈਵ ਸਟਾਰ ਰੈਫਰੀਜਰੇਟਰ ਦੀ ਮੈਨੂਫੈਕਚਰਿੰਗ 6 ਹਜ਼ਾਰ ਰੁਪਏ ਤਕ ਮਹਿੰਗੀ ਹੋ ਜਾਵੇਗੀ।
ਨਮਕੀਨ ਨੂਡਲਜ਼ ਹੋਣਗੇ ਮਹਿੰਗੇ :
ਰੋਜ਼ਾਨਾ ਵਰਤੇ ਜਾਣ ਵਾਲੇ ਉਤਪਾਦ ਵੀ ਨਵੇਂ ਸਾਲ ਤੋਂ ਮਹਿੰਗੇ ਹੋਣ ਜਾ ਰਹੇ ਹਨ। ਇਸ ਵਿਚ ਖਾਣ-ਪੀਣ ਦੀਆਂ ਚੀਜ਼ਾਂ ਵੀ ਸ਼ਾਮਲ ਹਨ। ਖਾਧ ਤੇਲ, ਦਾਲਾਂ, ਲਸਣ, ਪਿਆਜ਼ ਦੇ ਮਹਿੰਗੇ ਹੋਣ ਕਾਰਨ ਖਾਣ-ਪੀਣ ਦੇ ਕਈ ਉਤਪਾਦ ਮਹਿੰਗੇ ਹੋ ਸਕਦੇ ਹਨ। ਉੱਥੇ ਹੀ ਦੂਸਰੇ ਪਾਸੇ FMCG ਕੰਪਨੀਆਂ ਨੈਸਲੇ, ITC, ਪਾਰਲੇ ਆਪਣੇ ਪ੍ਰੋਡਕਟਸ ਦੀਆਂ ਕੀਮਤਾਂ ਵਧਾਉਣ ਦੀ ਬਜਾਏ ਉਤਪਾਦਾਂ ਦੇ ਪੈਕੇਜ ਦਾ ਆਕਾਰ ਘਟਾਉਣ ਦਾ ਪਲਾਨ ਬਣਾ ਰਹੀਆਂ ਹਨ। ਕੱਚੇ ਮਾਲ ਦੀਆਂ ਕੀਮਤਾਂ 'ਚ ਇਜ਼ਾਫ਼ਾ ਹੋਣ ਕਾਰਨ ਨਮਕੀਨ, ਸਨੈਕ, ਕੇਕ, ਸਾਬਨ, ਫ੍ਰੋਜ਼ਨ ਕੇਕ, ਬਿਸਕੁਟ, ਨੂਡਲਜ਼ ਸਮੇਤ ਹੋਰ ਉਤਪਾਦ ਮਹਿੰਗੇ ਹੋ ਸਕਦੇ ਹਨ।
ਗੱਡੀਆਂ ਹੋਣਗੀਆਂ ਮਹਿੰਗੀਆਂ :
ਨਵੇਂ ਸਾਲ 'ਚ ਆਟੋ ਸੈਕਟਰ ਦੀਆਂ ਕਈ ਕੰਪਨੀਆਂ ਨੇ ਕੀਮਤਾਂ 'ਚ ਇਜ਼ਾਫ਼ਾ ਕਰਨ ਦਾ ਐਲਾਨ ਕੀਤਾ ਹੈ। ਇਸ ਵਿਚ ਹੁੰਡਈ (Hyundai) ਰੇਨਾ (Renault) ਆਦਿ ਕੰਪਨੀਆਂ ਸ਼ਾਮਲ ਹਨ। ਕੰਪਨੀਆਂ ਦਾ ਕਹਿਣਾ ਹੈ ਕਿ ਉਸਾਰੀ ਲਾਗਤ 'ਚ ਵਾਧਾ ਹੋਣ ਕਾਰਨ ਉਹ ਗੱਡੀਆਂ ਦੀਆਂ ਕੀਮਤਾਂ 'ਚ ਇਜ਼ਾਫ਼ਾ ਕਰਨਗੀਆਂ ਤੇ ਇਹ 1 ਜਨਵਰੀ 2020 ਤੋਂ ਲਾਗੂ ਹੋ ਸਕਦਾ ਹੈ। ਜਿਨ੍ਹਾਂ ਗੱਡੀਆਂ ਦੀ ਕੀਮਤ ਵਧੇਗੀ ਉਸ ਵਿਚ ਕਵਿੱਡ, ਕੈਪਟਰ, ਟ੍ਰਿਬਰ, ਡਸਟਰ ਤੇ ਲੌਜੀ ਸ਼ਾਮਲ ਹਨ, ਉੱਥੇ ਹੀ ਹੁੰਡਈ, ਐੱਸਯੂਵੀ, ਸੇਡਾਨ, ਹੈਚਬੈਕ ਦੀਆਂ ਕੀਮਤਾਂ 'ਚ ਇਜ਼ਾਫ਼ਾ ਕਰੇਗੀ।

ਇਹ ਡੈਬਿਟ ਕਾਰਡ ਹੋ ਜਾਣਗੇ ਬੰਦ :
ਭਾਰਤੀ ਸਟੇਟ ਬੈਂਕ ਵੱਲੋਂ ਇਕ ਨੋਟਿਸ ਜਾਰੀ ਕਰ ਕੇ ਜਾਣਕਾਰੀ ਦਿੱਤੀ ਗਈ ਹੈ ਕਿ 1 ਜਨਵਰੀ 2020 ਤੋਂ ਮੈਗਨੈਟਿਕ ਸਟ੍ਰਿਪ ਵਾਲੇ ਡੈਬਿਟ ਕਾਰਡ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਅਜਿਹੇ ਵਿਚ ਜਿਨ੍ਹਾਂ ਲੋਕਾਂ ਕੋਲ ਮੈਗਨੈਟਿਕ ਸਟ੍ਰਿਪ ਵਾਲੇ ਕਾਰਡ ਹਨ ਉਨ੍ਹਾਂ ਨੂੰ ਤੁਰੰਤ ਬੈਂਕ ਨਾਲ ਰਾਬਤਾ ਕਰ ਕੇ ਨਵੇਂ ਚਿੱਪ ਵਾਲੇ ਕਾਰਡ ਇਸ਼ੂ ਕਰਵਾਉਣੇ ਚਾਹੀਦੇ ਹਨ। 1 ਜਨਵਰੀ 2020 ਤੋਂ ਸਿਰਫ਼ EMV ਚਿਪ ਤੇ ਪਿਨ ਵਾਲੇ ਕਾਰਡ ਹੀ ਵਰਤੇ ਜਾ ਸਕਣਗੇ।

ਫਾਸਟ ਟੈਗ ਜਰੂਰੀ :
ਸਰਕਾਰ ਨੇ ਦੇਸ਼ ਭਰ ਦੇ 500 ਤੋਂ ਵੱਧ ਟੋਲ ਨਾਕਿਆਂ 'ਤੇ ਫੀਸ ਦਾ ਭੁਗਤਾਨ ਫਾਸਟ ਟੈਗ ਨਾਲ ਕਰਨ ਨੂੰ ਲਾਜ਼ਮੀ ਕਰ ਦਿੱਤਾ ਹੈ। ਫਾਸਟ ਟੈਗ ਇੱਕ ਡਿਜੀਟਲ ਟੈਗ ਹੈ ਜੋ ਤੁਹਾਡੀਆਂ ਗੱਡੀਆਂ ਦੇ ਵਿੰਡਸਕ੍ਰੀਨਜ਼ 'ਤੇ ਲਾਇਆ ਜਾਵੇਗਾ। ਜਦੋਂ ਤੁਸੀਂ ਟੋਲ ਪਲਾਜ਼ਾ 'ਤੇ ਆਪਣੀ ਫਾਸਟ ਟੈਗ ਨਾਲ ਲੈਸ ਗੱਡੀ ਵਿੱਚ ਸਵਾਰ ਹੋ ਕੇ ਪਹੁੰਚੋਗੇ ਤਾਂ ਉੱਥੇ ਲੱਗਿਆ ਸਕੈਨਰ ਤੁਹਾਡੇ ਫਾਸਟ ਟੈਗ ਨੂੰ ਆਪਣੇ-ਆਪ ਸਕੈਨ ਕਰ ਲਵੇਗਾ।