ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਵਿਦੇਸ਼ ਮੰਤਰੀ ਮਹਿਮੂਦ ਸ਼ਾਹ ਕੁਰੈਸ਼ੀ ਦੀ ‘ਕਰਤਾਰਪੁਰ ਗੁਗਲੀ` ਟਿੱਪਣੀ ਲਈ ਉਨ੍ਹਾਂ ਵਿਰੁੱਧ ਕਾਰਵਾਈ ਕਰਨ।
ਇੱਥੇ ਵਰਨਣਯੋਗ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਸੀ ਕਿ ਇਮਰਾਨ ਖ਼ਾਨ ਦੀ ‘ਕਰਤਾਰਪੁਰ ਗੁਗਲੀ` ਨੇ ਭਾਰਤ ਨੂੰ ਇਸ ਲਾਂਘੇ ਦੇ ਉਦਘਾਟਨ ਮੌਕੇ ਆਪਣੇ ਦੋ ਮੰਤਰੀ ਭੇਜਣ ਲਈ ਮਜਬੂਰ ਕਰ ਦਿੱਤਾ।
ਅੱਜ ਐਤਵਾਰ ਨੂੰ ਸ੍ਰੀਮਤੀ ਬਾਦਲ ਨੇ ਆਪਣੇ ਟਵੀਟ ਰਾਹੀਂ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ। ਉਨ੍ਹਾਂ ਸ੍ਰੀ ਇਮਰਾਨ ਖ਼ਾਨ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਨ੍ਹਾਂ ਦੇ ਮੰਤਰੀ ਕੁਰੈਸ਼ੀ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਇਸ ਦੇ ਨਾਲ ਹੀ ਸ੍ਰੀ ਕਰਤਾਰਪੁਰ ਸਾਹਿਬ ਸਮਾਰੋਹ ਦੌਰਾਨ ਸ਼ੁਰੂ ਹੋਈ ਸ਼ਾਂਤੀ ਦੀ ਸਥਾਪਨਾ ਦੀ ਪਹਿਲਕਦਮੀ ਦੇ ਰਾਹ ਵਿੱਚ ਅੜਿੱਕਾ ਡਾਹਿਆ ਹੈ।
ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਇਮਰਾਨ ਖ਼ਾਨ ਨੂੰ ਅੱਗੇ ਕਿਹਾ ਹੈ ਕਿ - ‘ਕਿਸੇ ਨੂੰ ਵੀ ਧਾਰਮਿਕ ਭਾਵਨਾਵਾਂ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਸ਼ਾਂਤੀ ਲਈ ਤੁਹਾਡੀ ਪ੍ਰਤੀਬੱਧਤਾ ਐਂਵੇਂ ਫੋਕਾ ਵਾਅਦਾ ਨਹੀਂ ਹੋਣਾ ਚਾਹੀਦਾ। ਮਿਹਰਬਾਨੀ ਕਰ ਕੇ ਮਹਿਮੂਦ ਕੁਰੈਸ਼ੀ ਨਾਲ ਹੁਣੇ ਗੱਲ ਕਰੋ ਤੇ ਉਸ ਵਿਰੋਧ ਤੁਰੰਤ ਕਾਰਵਾਈ ਕਰੋ।`
ਇਸ ਤੋਂ ਪਹਿਲਾਂ ਸਨਿੱਚਰਵਾਰ ਨੂੰ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਵੀ ਸ੍ਰੀ ਕੁਰੈਸ਼ੀ ਦੀ ‘ਗੁਗਲੀ` ਟਿੱਪਣੀ ਦੀ ਸਖ਼ਤ ਨਿਖੇਧੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਇਸ ਤੋਂ ਇਹ ਜ਼ਾਹਿਰ ਹੋ ਗਿਆ ਹੈ ਕਿ ਪਾਕਿਸਤਾਨ ਦੇ ਮਨ ਵਿੱਚ ਸਿੱਖ ਜਜ਼ਬਾਤ ਲਈ ਕੋਈ ਕਦਰ ਨਹੀਂ ਹੈ।
ਚੇਤੇ ਰਹੇ ਕਿ ਬੀਤੀ 28 ਨਵੰਬਰ ਨੂੰ ਸ੍ਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ ਪਾਕਿਸਤਾਨ `ਚ ਨੀਂਹ-ਪੱਥਰ ਰੱਖਿਆ ਸੀ। ਉੱਥੇ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਤਾਂ ਮੌਜੂਦ ਸਨ ਹੀ, ਨਾਲ ਹੀ ਦੋ ਕੇਂਦਰੀ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਅਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੀ ਉੱਥੇ ਸਨ।
ਇਸ ਤੋਂ ਪਹਿਲਾਂ 26 ਨਵੰਬਰ ਨੂੰ ਭਾਰਤ ਦੇ ਉੱਪ-ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਗੁਰਦਾਸਪੁਰ ਜਿ਼ਲ੍ਹੇ ਦੇ ਕਸਬੇ ਡੇਰਾ ਬਾਬਾ ਨਾਨਕ `ਚ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰ ਚੁੱਕੇ ਹਨ।
ਸ੍ਰੀ ਕੁਰੈਸ਼ੀ ਦੀ ਉਪਰੋਕਤ ਵਿਵਾਦਗ੍ਰਸਤ ਟਿੱਪਣੀ ਤੋਂ ਇੱਕ ਦਿਨ ਪਹਿਲਾਂ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਪਾਕਿਸਤਾਨ ਨਾਲ ਦੁਵੱਲੀ ਵਾਰਤਾ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਤੋਂ ਸਾਫ਼ ਇਨਕਾਰ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਪਾਕਿਸਤਾਨ ਆਪਣੀ ਧਰਤੀ `ਤੇ ਭਾਰਤ ਵਿਰੋਧੀ ਅੱਤਵਾਦੀ ਗਤੀਵਿਧੱੀਆਂ ਬੰਦ ਨਹੀਂ ਕਰ ਦਿੰਦਾ, ਤਦ ਤੱਕ ਉਸ ਨਾਲ ਕਿਸੇ ਤਰ੍ਹਾਂ ਦੀ ਸ਼ਾਂਤੀ-ਵਾਰਤਾ ਦੀ ਕੋਈ ਸੰਭਾਵਨਾ ਨਹੀਂ ਹੈ।