ਜੰਮੂ-ਕਸ਼ਮੀਰ, ਲੱਦਾਖ ਸਮੇਤ ਹੋਰ ਪਹਾੜੀ ਹਿੱਸਿਆਂ 'ਚ ਕੜਾਕੇ ਦੀ ਠੰਡ ਪੈ ਰਹੀ ਹੈ। ਇਲਾਕੇ 'ਚ ਬੀਤੇ ਕਈ ਦਿਨਾਂ ਤੋਂ ਬਰਫ ਪੈ ਰਹੀ ਹੈ, ਜਿਸ ਕਾਰਨ ਸੜਕ ਮਾਰਗ ਅਤੇ ਹਵਾਈ ਮਾਰਗ ਪ੍ਰਭਾਵਤ ਹੋਇਆ ਹੈ। ਸੀਮਾ ਸੜਕ ਸੰਗਠਨ (ਬੀਆਰਓ) ਨੇ ਰੋਹਤਾਂਗ ਪਾਸ 'ਤੇ ਪਈ 13,050 ਫੁੱਟ ਬਰਫ਼ ਨੂੰ ਹਟਾ ਕੇ ਵਾਹਨਾਂ ਦੀ ਆਵਾਜਾਈ ਲਈ ਰਸਤਾ ਖੋਲ੍ਹ ਦਿੱਤਾ ਹੈ।
38 ਬਾਰਡਰ ਟਾਕਸ ਫੋਰਸ ਕਮਾਂਡਰ ਉਮਾ ਸ਼ੰਕਰ ਨੇ ਦੱਸਿਆ ਕਿ ਰੋਹਤਾਂਗ ਪਾਸ ਬੀਤੇ ਦਿਨੀਂ ਭਾਰੀ ਬਰਫ਼ਬਾਰੀ ਤੋਂ ਬਾਅਦ ਪੂਰੀ ਤਰ੍ਹਾਂ ਬਰਫ਼ ਨਾਲ ਢੱਕਿਆ ਗਿਆ ਸੀ। ਜਵਾਨਾਂ ਨੇ ਤੁਰੰਤ ਬਰਫ਼ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਕਾਫੀ ਮਿਹਨਤ ਤੋਂ ਬਾਅਦ ਲੋਕਾਂ ਲਈ ਰਸਤਾ ਖੋਲ੍ਹ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 60 ਜਵਾਨਾਂ ਦੀ ਟੀਮ ਨੇ ਮਿਲ ਕੇ ਕੰਮ ਕੀਤਾ। ਰੋਹਤਾਂਗ ਪਾਸ ਦੇ ਬੰਦ ਹੋਣ ਕਾਰ ਮਨਾਲੀ-ਲੇਹ ਸੜਕ 'ਤੇ ਆਵਾਜਾਈ ਬੰਦ ਹੋ ਗਈ ਸੀ।
ਉਮਾ ਸ਼ੰਕਰ ਨੇ ਦੱਸਿਆ ਕਿ ਇਲਾਕੇ 'ਚ ਤੇਜ਼ ਅਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਕੰਮ ਕਰਨ 'ਚ ਕਾਫੀ ਮੁਸ਼ਕਲ ਹੋਈ। ਇੱਥੇ ਦਾ ਤਾਪਮਾਨ -20 ਤੋਂ ਘੱਟ ਹੈ। ਕਈ ਥਾਵਾਂ 'ਤੇ 20 ਫੁੱਟ ਤੋਂ ਵੱਧ ਬਰਫ ਜਮਾਂ ਸੀ। ਉਨ੍ਹਾਂ ਦੱਸਿਆ ਕਿ ਇਹ ਰਸਤਾ ਬੀਤੀ 25 ਨਵੰਬਰ ਤੋਂ ਬੰਦ ਸੀ। ਲਾਹੌਲ ਤੇ ਸਪਿਤੀ 'ਚ ਰਹਿੰਦੇ ਹਜ਼ਾਰਾਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਸਰਦੀ ਸ਼ੁਰੂ ਹੁੰਦੀ ਹੈ ਤਾਂ ਹਜ਼ਾਰਾਂ ਦੀ ਗਿਣਤੀ 'ਚ ਲਾਹੌਲ ਸਪਿਤੀ ਦੇ ਲੋਕ ਕੁੱਲੂ ਅਤੇ ਮਨਾਲੀ ਚਲੇ ਜਾਂਦੇ ਹਨ।