ਮੌਜੂਦਾ ਵਿੱਤੀ ਵਰ੍ਹੇ ਦੌਰਾਨ ਆਰਥਿਕ ਗਤੀਵਿਧੀਆਂ ’ਚ ਸੁਸਤੀ ਦਾ ਅਸਰ ਸਰਕਾਰੀ ਖ਼ਜ਼ਾਨੇ ਉੱਤੇ ਦਿਸਣਾ ਸ਼ੁਰੂ ਹੋ ਗਿਆ ਹੈ। ਆਮਦਨ ਟੈਕਸ ਵਿਭਾਗ (IT Department) ਦੇ ਸੂਤਰਾਂ ਤੋਂ ‘ਹਿੰਦੁਸਤਾਨ’ ਨੂੰ ਪਤਾ ਲੱਗਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਰ੍ਹੇ 15 ਜਨਵਰੀ ਤੱਕ ਸਿੱਧੀ ਟੈਕਸ ਕੁਲੈਕਸ਼ਨ ਵਿੱਚ ਛੇ ਫ਼ੀ ਸਦੀ ਤੋਂ ਵੱਧ ਦੀ ਕਮੀ ਵੇਖਣ ਨੂੰ ਮਿਲੀ ਹੈ।
ਸੂਤਰਾਂ ਮੁਤਾਬਕ ਇਸ ਟੀਚੇ ਤੱਕ ਪੁੱਜ ਤੇ ਆਪਣੀ ਕਮਾਈ ਵਧਾਉਣ ਲਈ ਅਗਲੇ ਕੁਝ ਦਿਨਾਂ ਦੌਰਾਨ ਵਿਭਾਗ ਵੱਡੇ ਪੱਧਰ ਉੱਤੇ ਮੁਹਿੰਮ ਚਲਾਉਣ ਜਾ ਰਿਹਾ ਹੈ। ਇਸ ਵਿੱਚ ਨਾ ਸਿਰਫ਼ ਵੱਡੇ ਟੈਕਸ ਚੋਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਸਗੋਂ ਅਜਿਹੇ ਲੋਕਾਂ ਵਿਰੁੱਧ ਵੀ ਕਾਰਵਾਈ ਹੋਵੇਗੀ, ਜਿਨ੍ਹਾਂ ਦੇ ਖਾਤਿਆਂ ਨਾਲ ਜੁੜੇ ਰੈੱਡ ਫ਼ਲੈਗ ਵਿਭਾਗ ਨੂੰ ਡਾਟਾ ਐਨਾਲਿਟਿਕਸ ਰਾਹੀਂ ਮਿਲੇ ਹਨ।
ਪਿਛਲੇ ਹਫ਼ਤੇ ਆਮਦਨ ਟੈਕਸ ਅਧਿਕਾਰੀਆਂ ਨਾਲ ਹੋਈ ਇੱਕ ਉੱਚ–ਪੱਧਰੀ ਮੀਟਿੰਗ ਵਿੱਚ ਸਾਰੇ ਮੁਲਤਵੀ ਪਏ ਮਾਮਲਿਆਂ ’ਚ ਵਸੂਲੀ ਦੀ ਪ੍ਰਕਿਰਿਆ ਤੇਜ਼ ਕਰ ਕੇ 31 ਜਨਵਰੀ ਤੱਕ ਨਿਪਟਾਉਣ ਦੀ ਹਦਾਇਤ ਕੀਤੀ ਗਈ ਹੈ; ਤਾਂ ਜੋ ਮੌਜੂਦਾ ਵਿੱਤੀ ਵਰ੍ਹੇ ਦੇ ਬਚੇ ਹੋਏ ਦਿਨਾਂ ਦੌਰਾਨ ਸਰਕਾਰ ਦੀ ਕਮਾਈ ਵਧਾਈ ਜਾ ਸਕੇ।
ਇਨ੍ਹਾਂ ਵਿੱਚੋਂ ਵਿਭਾਗ ਨੂੰ ਚੋਟੀ ਦੇ 100 ਵੱਡੇ ਮਾਮਲਿਆਂ ’ਚ ਆਮਦਨ ਟੈਕਸ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੀ ਹਦਾਇਤ ਜਾਰੀ ਕੀਤੀ ਗਈ ਹੈ। ਅਧਿਕਾਰੀਆਂ ਨੂੰ ਇਹ ਵੀ ਆਖਿਆ ਗਿਆ ਹੈ ਕਿ ਜ਼ਰੂਰਤ ਪੈਣ ਉੱਤੇ ਛਾਪੇਮਾਰੀ ਤੋਂ ਵੀ ਗੁਰੇਜ਼ ਨਹੀਂ ਕਰਨਾ।
ਪ੍ਰਾਪਤ ਜਾਣਕਾਰੀ ਮੁਤਾਬਕ ਸਤੰਬਰ 2019 ਤੱਕ ਦੇਸ਼ ਵਿੱਚ ਲਗਭਗ 60,000 ਮਾਮਲੇ ਜਾਂਚ ਲਈ ਮੁਲਤਵੀ ਪਏ ਸਨ। ਇਨ੍ਹਾਂ ਸਾਰੇ ਮਾਮਲਿਆਂ ਨੂੰ ਸਮੇਂ–ਸਮੇਂ ਉੱਤੇ ਤੇਜ਼ੀ ਨਾਲ ਨਿਪਟਾਉਣ ਦੀ ਹਦਾਇਤ ਜਾਰੀ ਕੀਤੀ ਗਈ ਸੀ ਪਰ ਮੌਜੂਦਾ ਦੌਰ ਵਿੱਚ ਕਮਾਈ ਘਟਣ ਕਾਰਨ 31 ਜਨਵਰੀ ਤੱਕ ਮਾਮਲੇ ਨਿਬੇੜਨ ਲਈ ਆਖਿਆ ਗਿਆ ਹੈ।