ਭਾਰਤ ਅਤੇ ਚੀਨ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਹੈ ਕਿ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਕਾਇਮ ਰੱਖਣਾ ਜ਼ਰੂਰੀ ਹੈ। ਨਾਲ ਹੀ ਦੁਵੱਲੇ ਸਬੰਧਾਂ ਦੇ ਰਣਨੀਤੀ ਨਜ਼ਰੀਏ ਰਾਹੀਂ ਕੌਮਾਂਤਰੀ ਸਰਹੱਦ ਨਾਲ ਸਬੰਧਤ ਮੁੱਦਿਆਂ ਉੱਤੇ ਗੱਲਬਾਤ ਕਰਨ ਉੱਤੇ ਜ਼ੋਰ ਦਿੱਤਾ ਗਿਆ।
ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਗੱਲਬਾਤ ਦੌਰਾਨ ਦੋਵੇਂ ਧਿਰਾਂ ਨੇ ਸਰਹੱਦ ਨਾਲ ਮੁੱਦਿਆਂ ਦਾ ਵਾਜਬ ਤੇ ਆਪਸੀ ਸਮਝ ਨਾਲ ਕੋਈ ਪ੍ਰਵਾਨਿਤ ਹੱਲ ਲੱਭਣ ਲਈ ਜਤਨ ਤੇਜ਼ ਕਰਨ ਦਾ ਸੰਕਲਪ ਲਿਆ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਗੱਲਬਾਤ ਉਸਾਰੂ ਰਹੀ। ਇਸ ਦੌਰਾਨ ਦੁਵੱਲੇ ਵਿਕਾਸ ਦੀ ਭਾਈਵਾਲੀ ਅੱਗੇ ਵਧਾਉਣ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਵਿਦੇਸ਼ ਮੰਤਰਾਲੇ ਦੇ ਬਿਆਨ ’ਚ ਕਿਹਾ ਗਿਆ ਹੈ ਕਿ ਇਸ ਗੱਲ ਉੱਤੇ ਆਮ ਸਹਿਮਤੀ ਬਣੀ ਹੈ ਕਿ ਦੋਵੇਂ ਧਿਰਾਂ ਨੂੰ ਇੱਕ–ਦੂਜੇ ਦੀ ਸੰਵੇਦਨਸ਼ੀਲਤਾ ਤੇ ਜ਼ਰੂਰੀ ਗੱਲਾਂ ਦਾ ਆਦਰ–ਮਾਣ ਰੱਖਣਾ ਚਾਹੀਦਾ ਹੈ।
ਬਿਆਨ ’ਚ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਇਸ ਗੱਲ ਲਈ ਸਹਿਮਤ ਹੋਈਆਂ ਹਨ ਕਿ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਕਾਇਮ ਰੱਖਣਾ ਅਹਿਮ ਹੈ। ਇਸ ਦੌਰਾਨ ਭਾਰਤ–ਚੀਨ ਸਬੰਧਾਂ ਦੇ ਰਣਨੀਤਕ ਦ੍ਰਿਸ਼ਟੀਕੋਣ ਤੋਂ ਸਰਹੱਦ ਮੁੱਦੇ ਦੀ ਅਹਿਮੀਅਤ ਨੂੰ ਉਜਾਗਰ ਕੀਤਾ ਗਿਆ।
ਮੰਤਰਾਲੇ ਮੁਤਾਬਕ ਦੋਵੇਂ ਧਿਰਾਂ ਇਸ ਗੱਲ ਲਈ ਸਹਿਮਤ ਹੋਈਆਂ ਕਿ ਸਰਹੱਦੀ ਮੁੱਦਿਆਂ ਦਾ ਛੇਤੀ ਹੱਲ ਦੋਵੇਂ ਦੇਸ਼ਾਂ ਦੇ ਮੌਲਿਕ ਹਿਤਾਂ ਲਈ ਜ਼ਰੂਰੀ ਹੈ। ਸ੍ਰੀ ਵਾਂਗ ਇਸ ਗੱਲਬਾਤ ਲਈ ਸ਼ੁੱਕਰਵਾਰ ਰਾਤੀਂ ਭਾਰਤ ਪੁੱਜੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਗੱਲਬਾਤ ਦੌਰਾਨ ਸਰਹੱਦ ਨਾਲ ਜੁੜੇ ਵੱਖੋ–ਵੱਖਰੇ ਪੱਖਾਂ ਬਾਰੇ ਚਰਚਾ ਕੀਤੀ ਗਈ ਤੇ ਦੋਵੇਂ ਧਿਰਾਂ ਨੇ ਲਗਭਗ 35,000 ਕਿਲੋਮੀਟਰ ਲੰਮੀ ਸਰਹੱਦ ਉੱਤੇ ਸ਼ਾਂਤੀ ਕਾਇਮ ਰੱਖਣ ਉੱਤੇ ਸਹਿਮਤੀ ਪ੍ਰਗਟਾਈ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਵਿਚਾਲੇ ਇਸੇ ਵਰ੍ਹੇ ਅਕਤੂਬਰ ਮਹੀਨੇ ਤਾਮਿਲ ਨਾਡੂ ਦੇ ਮੱਲਪੁਰਮ ਵਿਖੇ ਹੋਈ ਦੂਜੀ ਗ਼ੈਰ–ਰਸਮੀ ਗੱਲਬਾਤ ਤੋਂ ਬਾਅਦ ਚੀਨ ਤੇ ਭਾਰਤ ਵਿਚਾਲੇ ਇਹ ਪਹਿਲੀ ਉੱਚ–ਪੱਧਰੀ ਗੱਲਬਾਤ ਸੀ।