ਭਾਰਤੀ ਸਮੁੰਦਰੀ ਫ਼ੌਜ ਦੇ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਕਿਹਾ ਹੈ ਕਿ 10 ਵਰ੍ਹੇ ਪਹਿਲਾਂ ਅੱਤਵਾਦੀਆਂ ਦੇ ਇੱਕ ਸਮੂਹ ਵੱਲੋਂ ਸਮੁੰਦਰ ਰਸਤੇ ਆ ਕੇ ਮੁੰਬਈ `ਚ ਹਮਲਾ ਕਰਨ ਤੋਂ ਬਾਅਦ ਹੁਣ ਭਾਰਤ ਬਿਹਤਰ ਤਰੀਕੇ ਨਾਲ ਤਿਆਰ ਹੈ ਅਤੇ ਹੁਣ ਸੁਰੱਖਿਆ ਏਜੰਸੀਆਂ `ਚ ਪਹਿਲਾਂ ਦੇ ਮੁਕਾਬਲੇ ਵਧੇਰੇ ਤਾਲਮੇਲ ਹੈ। ਹੁਣ ਸਮੁੰਦਰੀ ਨਿਗਰਾਨੀ ਲਈ ਕਈ ਪੱਧਰਾਂ `ਤੇ ਨਿਗਰਾਨੀ ਰੱਖੀ ਜਾਂਦੀ ਹੈ।
ਐਡਮਿਰਲ ਲਾਂਬਾ ਨੇ 26/11 ਮੁੰਬਈ ਅੱਤਵਾਦੀ ਹਮਲੇ `ਚ ਮਾਰੇ ਗਏ ਨਿਰਦੋਸ਼ ਲੋਕਾਂ ਦੀ 10ਵੀਂ ਬਰਸੀ ਦੀ ਪੂਰਵ-ਸੰਧਿਆ ਮੌਕੇ ਸਾਊਥ ਬਲਾਕ ਸਥਿਤ ਆਪਣੇ ਦਫ਼ਤਰ `ਚ ਇੱਕ ਖ਼ਾਸ ਇੰਟਰਵਿਊ ਦੌਰਾਨ ਕਿਹਾ ਕਿ ਅਸੀਂ ਹੁਣ ਉਸ ਤੋਂ ਬਾਅਦ ਕਾਫ਼ੀ ਅੱਗੇ ਆ ਗਏ ਹਾਂ।
ਐਡਮਿਰਲ ਲਾਂਬਾ ਨੇ ਕਿਹਾ ਕਿ ਸਮੁੰਦਰੀ ਤੱਟ ਦੀ ਸੁਰੱਖਿਆ ਦੇ ਮਾਮਲੇ `ਚ ਹੁਣ ਬਹੁਤ ਫ਼ਰਕ ਪੈ ਗਿਆ ਹੈ ਕਿਉਂਕਿ ਖ਼ਤਰੇ ਵਾਲੇ ਸਥਾਨਾਂ ਦੀ ਸੁਰੱਖਿਆ ਬਹੁਤ ਜਿ਼ਆਦਾ ਵਧਾ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਭਾਰਤੀ ਸਮੁੰਦਰੀ ਫ਼ੌਜ ਹੁਣ ਤਾਕਤਵਰ ਬਲ ਹੈ, ਜੋ ਸਮੁੰਦਰ `ਚ ਭਾਰਤ ਦੇ ਹਿਤਾਂ ਦੀ ਰਾਖੀ ਕਰ ਰਿਹਾ ਹੈ ਅਤੇ ਉਹ ਸਮੁੰਦਰੀ ਖੇਤਰ `ਚ ਦੇਸ਼ ਦੇ ਸਾਹਮਣੇ ਪੈਦਾ ਹੋਣ ਵਾਲੀ ਕਿਸੇ ਵੀ ਸੁਰੱਖਿਆ ਚੁਣੌਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ।