ਦੁਬਈ ’ਚ ਏਮੀਰੇਟਸ ਏਅਰਲਾਈਨਜ਼ ਦੇ ‘ਇੰਟਰਐਕਟਿਵ ਵੁਆਇਸ ਰੈਸਪਾਂਸ ਸਿਸਟਮ’ ਉੱਤੇ ਜਿਵੇਂ ਹੀ ਇੱਕ ਕਾੱਲ ਆਈ, ਤਿਵੇਂ ਹੀ ਭਾਰਤ ਦੀ ‘ਰਾਸ਼ਟਰੀ ਜਾਂਚ ਏਜੰਸੀ’ (NIA – National Investigation Agency) ਨੂੰ ਪਤਾ ਲੱਗ ਗਿਆ ਕਿ ਇਹ ਦੁਬਈ ’ਚ ਰਹਿੰਦਾ ਪਾਕਿਸਤਾਨੀ ਨਾਗਰਿਕ ਮੁਹੰਮਦ ਕਾਮਰਾਨ ਹੈ, ਜੋ ਭਾਰਤ ਵਿੱਚ ਲਸ਼ਕਰ–ਏ–ਤੋਇਬਾ ਲਈ ਫ਼ੰਡ ਇਕੱਠਾ ਕਰਨ ਦੀਆਂ ਗਤੀਵਿਧੀਆਂ ਦਾ ਮੁਖੀ ਹੈ।
ਅਜਿਹਾ ਪਹਿਲੀ ਵਾਰ ਹੋਇਆ ਕਿ ਇੰਝ ਕਿਸੇ ਏਅਰਲਾਈਨਜ਼ ਦੇ ਆਟੋਮੇਟਡ ਸਿਸਟਮ ਉੱਤੇ ਫ਼ੋਨ ਦੀ ਜਾਣਕਾਰੀ ਭਾਰਤ ਤੱਕ ਪੁੱਜੀ ਹੋਵੇ। ਦੋ ਹਫ਼ਤੇ ਪਹਿਲਾਂ NIA ਨੇ ਕਾਮਰਾਨ, ਦਿੱਲੀ ਦੇ ਮੁਹੰਮਦ ਸਲਮਾਨ ਤੇ ਰਾਜਸਥਾਨ ਦੇ ਮੁਹੰਮਦ ਸਲੀਮ ਵਿਰੁੱਧ ਦੋਸ਼–ਪੱਤਰ ਆਇਦ ਕੀਤਾ ਸੀ। ਦੋਸ਼ ਹੈ ਕਿ ਇਹ ਸਾਰੇ ਭਾਰਤ ਵਿੱਚ ਲਸ਼ਕਰ ਲਈ ਕੰਮ ਕਰਨ ਵਾਲੀ ‘ਫ਼ਲਾਹ–ਏ–ਇਨਸਾਨੀਅਤ’ ਦੇ ਸਲੀਪਰ ਸੈੱਲ ਲੌਜਿਸਟਿਕਸ ਬੇਸਜ਼ ਤਿਆਰ ਕਰਦੇ ਰਹੇ ਹਨ।
ਇਹ ਸਲੀਪਰ ਸੈੱਲ ਧਾਰਮਿਕ ਕੰਮਾਂ ਦੀ ਆੜ ਹੇਠ ਦਿੱਲੀ ਤੇ ਹਰਿਆਣਾ ਵਿੱਚ ਤਿਆਰ ਕਰਨ ਦੀ ਯੋਜਨਾ ਸੀ। ਸਲਮਾਨ ਨੂੰ ਦੁਬਈ ਤੋਂ ਫ਼ੰਡ ਤੇ ਹਦਾਇਤਾਂ ਦੋਵੇਂ ਮਿਲਦੇ ਰਹੇ ਹਨ। ਉਸ ਨੂੰ ਸਲੀਮ ਸਮੇਤ ਸਤੰਬਰ 2018 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਵੇਲੇ ਭਗੌੜਾ ਕਾਮਰਾਨ ਆਮ ਤੌਰ ਉੱਤੇ ਲਸ਼ਕਰ ਮੁਖੀ ਹਾਫ਼ਿਜ਼ ਮੁਹੰਮਦ ਸਈਦ ਨਾਲ ਜੁੜਿਆ ਰਹਿੰਦਾ ਹੈ। ਮੁੰਬਈ ਉੱਤੇ ਦਹਿਸ਼ਤਗਰਦ ਹਮਲਿਆਂ ਦੀ ਸਾਜ਼ਿਸ਼ ਵੀ ਹਾਫ਼ਿਜ਼ ਸਈਦ ਨੇ ਹੀ ਘੜੀ ਸੀ।