ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਦੱਸਿਆ ਕਿ ਮੰਤਰਾਲਾ ਐਗਰੋ ਐੱਮਐੱਸਐੱਮਈ ਨੀਤੀ ਲਿਆਉਣ 'ਤੇ ਕੰਮ ਕਰ ਰਿਹਾ ਹੈ ਜੋ ਕਿ ਸਥਾਨਕ ਕੱਚੇ ਮਾਲ ਦੀ ਵਰਤੋਂ ਨਾਲ ਉਤਪਾਦਨ ਲਈ ਗ੍ਰਾਮੀਣ, ਆਦਿਵਾਸੀ, ਖੇਤੀਬਾੜੀ ਅਤੇ ਜੰਗਲਾਤ ਖੇਤਰਾਂ ਵਿੱਚ ਉੱਦਮ ਵਿਕਾਸ 'ਤੇ ਕੇਂਦਰਤ ਹੋਵੇਗੀ।
ਉਹ ਐੱਸਐੱਮਈ ਚੈਂਬਰ ਆਵ੍ ਇੰਡੀਆ, ਐੱਸਐੱਮਈ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੇ ਨੁਮਾਇੰਦਿਆਂ ਅਤੇ ਸੁੰਦਰਤਾ ਅਤੇ ਸਿਹਤ ਉਦਯੋਗ ਦੇ ਨੁਮਾਇੰਦਿਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਹੋਈਆਂ ਮੀਟਿੰਗਾਂ ਦੌਰਾਨ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) 'ਤੇ ਕੋਵਿਡ-19 ਦੇ ਪ੍ਰਭਾਵ ਸਬੰਧੀ ਵਿਚਾਰ-ਚਰਚਾ ਕਰ ਰਹੇ ਸਨ।
ਸ਼੍ਰੀ ਗਡਕਰੀ ਨੇ ਉਦਯੋਗ ਜਗਤ ਨੂੰ ਸੱਦਾ ਦਿੱਤਾ ਕਿ ਉਦਯੋਗਾਂ ਦੁਆਰਾ ਇਸ ਨੂੰ ਯਕੀਨੀ ਬਣਾਉਣ ਦੀ ਲੋੜ ਹੈ ਕਿ ਕੋਵਿਡ-19 ਨੂੰ ਫੈਲਣ ਨੂੰ ਰੋਕਣ ਲਈ ਲੋੜੀਂਦੇ ਰੋਕਥਾਮ ਉਪਾਅ ਕੀਤੇ ਜਾਣ। ਉਨ੍ਹਾਂ ਪੀਪੀਈ (ਮਾਸਕ, ਸੈਨੀਟਾਈਜ਼ਰ ਆਦਿ) ਦੀ ਵਰਤੋਂ 'ਤੇ ਜ਼ੋਰ ਦਿੱਤਾ ਅਤੇ ਵਪਾਰਕ ਕਾਰਜਾਂ ਦੌਰਾਨ ਸਮਾਜਿਕ ਦੂਰੀ ਨਿਯਮਾਂ ਨੂੰ ਬਣਾਈ ਰੱਖਣ ਦੀ ਸਲਾਹ ਦਿੱਤੀ।
ਕੇਂਦਰੀ ਮੰਤਰੀ ਨੇ ਜ਼ਿਕਰ ਕੀਤਾ ਕਿ ਵਿਦੇਸ਼ੀ ਦਰਾਮਦ ਨੂੰ ਘਰੇਲੂ ਉਤਪਾਦਨ ਨਾਲ ਤਬਦੀਲ ਕਰਨ ਲਈ ਬਰਾਮਦ ਵਧਾਉਣ ਦੇ ਨਾਲ-ਨਾਲ ਦਰਾਮਦ ਦੇ ਬਦਲ ਤਲਾਸ਼ਣ ‘ਤੇ ਵੀ ਧਿਆਨ ਦੇਣ ਦੀ ਲੋੜ ਦਿੱਤੀ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਉਦਯੋਗ ਜਗਤ ਨੂੰ ਨਵੀਨਤਾ, ਉੱਦਮ, ਵਿਗਿਆਨ ਤੇ ਟੈਕਨੋਲੋਜੀ, ਖੋਜ ਹੁਨਰ ਅਤੇ ਤਜ਼ਰਬਿਆਂ ਦੇ ਗਿਆਨ ਨੂੰ ਦੌਲਤ ਵਿੱਚ ਬਦਲਣ ਲਈ ਵਧੇਰੇ ਧਿਆਨ ਦੇਣਾ ਚਾਹੀਦਾ ਹੈ।
ਮੰਤਰੀ ਨੇ ਯਾਦ ਕੀਤਾ ਕਿ ਜਾਪਾਨ ਦੀ ਸਰਕਾਰ ਨੇ ਆਪਣੇ ਉਦਯੋਗਾਂ ਨੂੰ ਚੀਨ ਤੋਂ ਜਾਪਾਨੀ ਨਿਵੇਸ਼ ਵਾਪਸ ਲਿਜਾਣ ਅਤੇ ਕਿਤੇ ਹੋਰ ਲਿਜਾਣ ਲਈ ਵਿਸ਼ੇਸ਼ ਪੈਕੇਜ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਲਈ ਇਹ ਸੁਨਹਿਰੀ ਮੌਕਾ ਹੈ ਜਿਸ ਨੂੰ ਅਜਾਈਂ ਜਾਣ ਨਹੀਂ ਦੇਣਾ ਚਾਹੀਦਾ।
ਉਨ੍ਹਾਂ ਅੱਗੇ ਜ਼ੋਰ ਦੇ ਕੇ ਕਿਹਾ ਕਿ ਦਿੱਲੀ-ਮੁੰਬਈ ਗ੍ਰੀਨ ਐਕਸਪ੍ਰੈੱਸ ਹਾਈਵੇ ਦੀ ਨਵੀਂ ਰੂਪਰੇਖਾ 'ਤੇ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਇਹ ਉਦਯੋਗਾਂ ਲਈ ਭਵਿੱਖ ਦਾ ਨਿਵੇਸ਼ ਉਦਯੋਗਿਕ ਕਲੱਸਟਰਾਂ, ਲੌਜਿਸਟਿਕ ਪਾਰਕਾਂ ਨੂੰ ਅਤਿ ਆਧੁਨਿਕ ਟੈਕਨੋਲੋਜੀ ਨਾਲ ਲੈਸ ਕਰਨ ਦਾ ਮੌਕਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੈਟਰੋ ਸ਼ਹਿਰਾਂ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਸਨਅਤੀ ਕਲਸਟਰ ਦਾ ਰੁਖ਼ ਵਧਾਉਣ ਦੀ ਜ਼ਰੂਰਤ ਹੈ ਅਤੇ ਉਦਯੋਗਾਂ ਨੂੰ ਆਪਣਾ ਯੋਗਦਾਨ ਪਾਉਣ ਲਈ ਅਪੀਲ ਵੀ ਕੀਤੀ।
ਸ਼੍ਰੀ ਗਡਕਰੀ ਨੇ ਸਿਹਤ ਅਤੇ ਸੁੰਦਰਤਾ ਉਦਯੋਗ ਨੂੰ ਸੁਝਾਅ ਦਿੱਤਾ ਕਿ ਉਹ ਦਰਾਮਦ ਕੀਤੇ ਉਤਪਾਦਾਂ ਦੀ ਬਜਾਇ ਭਾਰਤੀ ਆਯੁਰਵੈਦਿਕ ਉਤਪਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ। ਮੰਤਰੀ ਨੇ ਦੱਸਿਆ ਕਿ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਨੇ ਸਿਖਲਾਈ, ਸਕਿਲਿੰਗ, ਹੈਂਡਹੋਲਡਿੰਗ ਅਤੇ ਉੱਦਮਤਾ ਵਿਕਾਸ ਦੇ ਖੇਤਰਾਂ ਵਿੱਚ ਐੱਮਐੱਸਐੱਮਈ ਮੰਤਰਾਲੇ ਦੀਆਂ ਵੱਖ-ਵੱਖ ਸਕੀਮਾਂ ਰਾਹੀਂ ਆਯੁਸ਼ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਆਯੁਸ਼ ਮੰਤਰਾਲੇ ਨਾਲ ਸਮਝੌਤਾ ਸਹੀਬੱਧ ਕੀਤਾ ਹੈ।
ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਸਿਹਤ ਅਤੇ ਸੁੰਦਰਤਾ ਉਦਯੋਗ ਦੇ ਮੈਂਬਰਾਂ ਨੂੰ ਐੱਮਐੱਸਐੱਮਈ ਤਹਿਤ ਰਜਿਸਟਰ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਐੱਮਐੱਸਐੱਮਈ ਮੰਤਰਾਲੇ ਦੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਮਿਲ ਸਕੇ।
ਵਿਚਾਰ ਵਟਾਂਦਰੇ ਦੌਰਾਨ, ਨੁਮਾਇੰਦਿਆਂ ਨੇ ਵੱਖ-ਵੱਖ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਦਰਪੇਸ਼ ਕੋਵਿਡ-19 ਮਹਾਮਾਰੀ ਦੌਰਾਨ ਵੱਖ-ਵੱਖ ਚੁਣੌਤੀਆਂ ਬਾਰੇ ਚਿੰਤਾ ਪ੍ਰਗਟਾਉਂਦਿਆਂ ਸੁਝਾਅ ਵੀ ਦਿੱਤੇ ਅਤੇ ਸੈਕਟਰ ਨੂੰ ਚਲਦਾ ਰੱਖਣ ਲਈ ਸਰਕਾਰ ਤੋਂ ਸਹਾਇਤਾ ਦੀ ਬੇਨਤੀ ਵੀ ਕੀਤੀ।
ਚੁੱਕੇ ਗਏ ਕੁਝ ਪ੍ਰਮੁੱਖ ਮੁੱਦਿਆਂ ਅਤੇ ਦਿੱਤੇ ਸੁਝਾਵਾਂ ਵਿੱਚ: ਕਰਜ਼ ਵਾਪਸੀ ਵਿੱਚ ਹੋਰ ਵਾਧਾ, ਲੌਕਡਾਊਨ ਦੌਰਾਨ ਕਰਮਚਾਰੀਆਂ ਦੀਆਂ ਤਨਖਾਹਾਂ ਦੀ ਅਦਾਇਗੀ ਲਈ ਉਨ੍ਹਾਂ ਦੇ ਈਐਸਆਈ ਅਤੇ ਪ੍ਰੋਵੀਡੈਂਟ ਫੰਡ ਤੋਂ ਕਰਨ, ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਲਈ ਹੈਲਪਲਾਈਨ, ਵਿੱਤ ਪ੍ਰਬੰਧਨ ਤੱਕ ਪਹੁੰਚ ਨੂੰ ਮਜ਼ਬੂਤ ਕਰਨਾ ਆਦਿ ਸ਼ਾਮਲ ਹਨ।
ਸ਼੍ਰੀ ਗਡਕਰੀ ਨੇ ਨੁਮਾਇੰਦਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਸਰਕਾਰ ਦੁਆਰਾ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਸਬੰਧਤ ਵਿਭਾਗਾਂ ਨਾਲ ਮੁੱਦੇ ਉਠਾਉਣਗੇ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਸੰਕਟ 'ਚੋਂ ਨਿੱਕਲਣ ਲਈ ਸਾਂਝੀ ਪਹੁੰਚ ਰੱਖਣੀ ਚਾਹੀਦੀ ਹੈ ਅਤੇ ਇਸ ਗੰਭੀਰ ਸੰਕਟ ਦੌਰਾਨ ਉਦਯੋਗ ਜਗਤ ਨੂੰ ਸਕਾਰਾਤਮਕ ਰਵੱਈਆ ਰੱਖਣ ਦੀ ਤਾਕੀਦ ਵੀ ਕੀਤੀ।