ਮਿਸਰ ਤੋਂ ਛੇਤੀ ਹੀ 6,090 ਟਨ ਪਿਆਜ਼ ਦੀ ਖੇਪ ਆਉਣ ਵਾਲੀ ਹੈ, ਜਿਸ ਤੋਂ ਬਾਅਦ ਦੇਸ਼ ’ਚ ਪਿਆਜ਼ ਦੀ ਕੀਮਤ ਵਿੱਚ ਨਰਮੀ ਆ ਸਕਦੀ ਹੈ। ਇਹ ਜਾਣਕਾਰੀ ਕੇਂਦਰੀ ਖਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਵੱਲੋਂ ਦਿੱਤੀ ਗਈ। ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਵਿਦੇਸ਼ ਵਪਾਰ ਕਰਨ ਵਾਲੇ ਜਨਤਕ ਖੇਤਰ ਦੀ ਕੰਪਨੀ ਐੱਮਐੱਮਟੀਸੀ ਨੇ ਮਿਸਰ ਤੋਂ 6,090 ਟਨ ਪਿਆਜ਼ ਦੀ ਦਰਾਮਦ ਦਾ ਕਰਾਰ ਕੀਤਾ ਹੈ ਤੇ ਇਸ ਪਿਆਜ਼ ਦੀ ਖੇਪ ਛੇਤੀ ਆਉਣ ਵਾਲੀ ਹੈ।
ਬਿਆਨ ਮੁਤਾਬਕ ਪਿਆਜ਼ ਦੀ ਇਹ ਖੇਪ ਛੇਤੀ ਹੀ ਮੁੰਬਈ ਦੇ ਨਾਵਾ ਸ਼ੇਵਾ ਬੰਦਰਗਾਹ ’ਤੇ ਆ ਜਾਵੇਗੀ, ਜਿੱਥੋਂ ਰਾਜ ਸਰਕਾਰਾਂ ਆਪਣੀ ਮੰਗ ਮੁਤਾਬਕ ਪਿਆਜ਼ ਖ਼ਰੀਦ ਸਕਦੀਆਂ ਹਨ। ਮੰਤਰਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਛੇ ਸੁਬਿਆਂ ਵੱਲੋਂ ਪਿਆਜ਼ ਦੀ ਮੰਗ ਹੁਣ ਤੱਕ ਆ ਚੁੱਕੀ ਹੈ; ਜਿਨ੍ਹਾਂ ਵਿੱਚ ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਓੜੀਸ਼ਾ, ਕੇਰਲ ਅਤੇ ਸਿੱਕਿਮ ਸ਼ਾਮਲ ਹਨ।
ਦਰਾਮਦੀ ਪਿਆਜ਼ ਦੀ ਵਿਕਰੀ ਮੁੰਬਈ ਵਿੱਚ 52 ਤੋਂ 55 ਰੁਪਏ ਪ੍ਰਤੀ ਕਿਲੋਗ੍ਰਾਮ ਹੋਵੇਗੀ; ਜਦ ਕਿ ਦਿੱਲੀ ਤੋਂ ਪਿਆਜ਼ ਖ਼ਰੀਦਣ ਵਾਲਿਆਂ ਨੂੰ 60 ਰੁਪਏ ਪ੍ਰਤੀ ਕਿਲੋ ਦੇ ਭਾਅ ਇਸ ਨੂੰ ਲੈਣਾ ਹੋਵੇਗਾ। ਖਪਤਕਾਰ ਮਾਮਲੇ ਵਿਭਾਗ ’ਚ ਸਕੱਤਰ ਅਵਿਨਾਸ਼ ਕੁਮਾਰ ਸ੍ਰੀਵਾਸਤਵ ਨੇ ਸੋਮਵਾਰ ਨੂੰ ਵਿਡੀਓ ਕਾਨਫ਼ਰਸਿੰਗ ਰਾਹੀਂ ਸੂਬਾ ਸਰਕਾਰਾਂ ਤੋਂ ਉਨ੍ਹਾਂ ਦੀਆਂ ਮੰਗਾਂ ਬਾਰੇ ਪੁੱਛਿਆ। ਉਨ੍ਹਾਂ ਇਸ ਬਾਰੇ 23 ਨਵੰਬਰ ਨੂੰ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਚਿੱਠੀ ਵੀ ਲਿਖੀ ਸੀ।
ਮੰਤਰਾਲੇ ਦੇ ਬਿਆਨ ’ਚ ਕਿਹਾ ਗਿਆ ਹੈ ਕਿ ਲੋੜ ਪੈਣ ’ਤੇ ਰਾਜਾਂ ਨੂੰ ਨੈਫ਼ੇਡ ਵੱਲੋਂ ਟਰਾਂਸਪੋਰਟ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਦਰਾਮਦੀ ਪਿਆਜ਼ ਦੀ ਸਪਲਾਈ ਦਸੰਬਰ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ। ਮੰਤਰਾਲੇ ਮੁਤਾਬਕ ਦਿੱਲੀ ’ਚ ਸੂਬਾ ਸਰਕਾਰ ਵੱਲੋਂ ਹਾਲੇ ਤੱਕ ਕੋਈ ਮੰਗ ਨਹੀਂ ਕੀਤੀ ਗਈ ਹੈ।
ਨੈਫ਼ੇਡ ਨੇ ਦੱਸਿਆ ਕਿ ਉਹ ਆਪਣੇ ਆਊਟਲੈੱਟਸ ਦੇ ਨਾਲ ਮਦਰ ਡੇਅਰੀ, ਕੇਂਦਰੀ ਭੰਡਾਰ ਤੇ ਐੱਨਸੀਸੀਐੱਫ਼ ਰਾਹੀਂ ਪਿਆਜ਼ ਮੁਹੱਈਆ ਕਰਵਾਏਗੀ। ਵੱਖੋ–ਵੱਖਰੇ ਰਾਜਾਂ ਵੱਲੋਂ ਹੁਣ ਤੱਕ ਪਹਿਲੇ ਹਫ਼ਤੇ ਲਈ 2,265 ਟਨ ਪਿਆਜ਼ ਦੀ ਮੰਗ ਕੀਤੀ ਗਈ ਹੈ।