ਬਾਲਾਕੋਟ ਹਵਾਈ ਹਮਲਿਆਂ ਦੇ ਕਈ ਦਿਨਾਂ ਬਾਅਦ ਸਰਕਾਰ ਨੇ ਜੰਗੀ ਪੱਖੋਂ ਅਹਿਮ ਕਦਮ ਚੁੱਕਦਿਆਂ 40 ਤੋਂ ਵੱਧ ਸੁਖੋਈ ਜੰਗੀ ਹਵਾਈ ਜਹਾਜ਼ਾਂ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਸਾਇਲਾਂ ਨਾਲ ਲੈਸ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ‘ਜੰਗੀ ਨੀਤੀ’ ਸਬੰਧੀ ਪ੍ਰੋਜੈਕਟ ਲਾਗੂ ਕਰਨ ਨੂੰ ਤੇਜ਼ ਕਰਨ ਦਾ ਫ਼ੈਸਲਾ ਬਾਲਾਕੋਟ ਹਵਾਈ ਹਮਲੇ ਤੇ ਉਸ ਤੋਂ ਬਾਅਦ ਪਾਕਿਸਤਾਨੀ ਪ੍ਰਤੀਕਰਮ ਦੇ ਲਗਭਗ ਛੇ ਹਫ਼ਤਿਆਂ ਬਾਅਦ ਚੁੱਕਿਆ ਗਿਆ।
ਸਰਕਾਰੀ ਕੰਪਨੀ ‘ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ’ (HAL) ਤੇ ਬ੍ਰਹਮੋਸ ਏਅਰੋਸਪੇਸ ਪ੍ਰਾਈਵੇਟ ਲਿਮਿਟੇਡ (BAPL) ਇਸ ਪ੍ਰਾਜੈਕਟ ਨੂੰ ਲਾਗੂ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ ਤੇ ਬ੍ਰਹਮੋਸ ਏਅਰੋਸਪੇਸ ਲਿਮਿਟਡ ਨੂੰ ਇਹ ਪ੍ਰੋਜੈਕਟ ਛੇਤੀ ਲਾਗੂ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਦਸੰਬਰ 2020 ਦੀ ਨਿਰਧਾਰਤ ਸਮਾਂ–ਸੀਮਾ ਤੋਂ ਪਹਿਲਾਂ ਇਸ ਨੁੰ ਮੁਕੰਮਲ ਕੀਤਾ ਜਾ ਸਕੇ।
ਅਧਿਦਾਰਤ ਸੂਤਰਾਂ ਨੇ ਦੱਸਿਆ ਕਿ ਚੌਕਸ ਨਿਗਰਾਨੀ ਵਾਲੇ ਇਸ ਰਣਨੀਤਕ ਪ੍ਰੋਜੈਕਟ ਦਾ ਮੰਤਵ ਭਾਰਤੀ ਹਵਾਈ ਫ਼ੌਜ ਦੀਆਂ ਜੰਗੀ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਹੈ। ਸਾਲ 2016 ਦੌਰਾਨ ਸਰਕਾਰ ਨੇ 40 ਤੋਂ ਵੱਧ ਸੁਖੋਈ ਜੰਗੀ ਹਵਾਈ ਜਹਾਜ਼ਾਂ ਵਿੱਚ ਦੁਨੀਆ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਸਾਇਲ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਸੀ।
ਸੁਤਰਾਂ ਨੇ ਦੱਸਿਆ ਕਿ ਪ੍ਰੋਜੈਕਟ ਉੱਤੇ ਅਸਲ ਕੰਮ ਸਾਲ 2017 ਦੇ ਅੰਤ ਤੱਕ ਸ਼ੁਰੂ ਹੋਇਆ ਹੈ ਪਰ ਇਸ ਨੂੰ ਲਾਗੂ ਕੀਤੇ ਜਾਣ ਦੀ ਪ੍ਰਕਿਰਿਆ ਹੌਲੀ ਹੈ।
ਬਾਲਾਕੋਟ ਹਵਾਈ ਹਮਲਿਆਂ ਤੇ ਉਸ ਤੋਂ ਬਾਅਦ ਪਾਕਿਸਤਾਨ ਦੀ ਜਵਾਬੀ ਕਾਰਵਾਈ ਦੇ ਪਿਛੋਕੜ ਵਿੱਚ ਭਾਰਤੀ ਹਵਾਈ ਫ਼ੌਜ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਦੀ ਸਮੀਖਿਆ ਕੀਤੀ ਗਈ ਤੇ ਇਹ ਮਹਿਸੂਸ ਕੀਤਾ ਗਿਆ ਕਿ ਸੁਖੋਈ ਹਵਾਈ ਜਹਾਜ਼ਾਂ ਨੂੰ ਬ੍ਰਹਮੋਸ ਨਾਲ ਛੇਤੀ ਤੋਂ ਛੇਤੀ ਲੈਸ ਕਰਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।