ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਅਤੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਹੈ ਕਿ ਦੇਸ਼ ’ਚ ਕੋਰੋਨਾ–ਵਾਇਰਸ ਦੀ ਲਾਗ ਫੈਲਣ ਦੀ ਰਫ਼ਤਾਰ ਘਟੀ ਹੈ। ਇਨ੍ਹਾਂ ਸਾਰੇ ਹਾਲਾਤ ਵੇਖ–ਪਰਖ ਕੇ ਕਿਹਾ ਜਾ ਸਕਦਾ ਹੈ ਕਿ ਅਸੀਂ ਇਸ ਘਾਤਕ ਲਾਗ ਦੀ ਸਥਿਰਤਾ ਵੱਲ ਵਧ ਰਹੇ ਹਾਂ।
ਡਾ. ਹਰਸ਼ ਵਰਧਨ ਨੇ ਕਿਹਾ ਕਿ ਹੁਣ ਦੇਸ਼ ਆਸ ਕਰਦਾ ਹੈ ਕਿ ਅਗਲੇ ਕੁਝ ਹਫ਼ਤਿਆਂ ’ਚ ਅਸੀਂ ਇਸ ਮਾਰੂ ਵਾਇਰਸ ਉੱਤੇ ਕਾਬੂ ਪਾਉਣ ’ਚ ਸਫ਼ਲ ਹੋ ਜਾਵਾਂਗੇ।
‘ਲਾਈਵ ਹਿੰਦੁਸਤਾਨ’ ਨਾਲ ਇੰਟਰਵਿਊ ਦੋਰਾਨ ਡਾ. ਹਰਸ਼ ਵਰਧਨ ਨੇ ਕਿਹਾ ਕਿ ਦੇਸ਼ ’ਚ ਕੋਰੋਨਾ ਰੋਗੀਆਂ ਦੇ ਤੰਦਰੁਸਤ ਹੋਣ ਦੀ ਦਰ 19.36 ਫ਼ੀ ਸਦੀ ਤੱਕ ਪੁੱਜ ਗਈ ਹੈ। ਮਾਮਲਿਆਂ ਦੇ ਦੁੱਗਣਾ ਹੋਣ ਦੀ ਦਰ ਵੀ ਹੌਲੀ–ਹੌਲੀ ਘਟਦੀ ਜਾ ਰਹੀ ਹੈ।
ਜੇ ਪਿਛਲੇ ਸੱਤ ਦਿਨਾਂ ਦੇ ਕੜੇ ਵੇਖੀਏ, ਤਾਂ ਕੋਰੋਨਾ ਦੀ ਲਾਗ ਦੁੱਗਣੀ ਹੋਣ ਦੀ ਦਰ 9 ਦਿਨ ਹੋ ਗਈ ਹੈ; ਜਦ ਕਿ ਪਿਛਲੇ 14 ਦਿਨਾਂ ’ਚ ਇਹ ਦਰ 7.2 ਫੀ ਸਦੀ ਸੀ। ਇਹ ਤਬਦੀਲੀ ਹਾਲਾਤ ’ਚ ਸੁਧਾਰ ਵੱਲ ਸੰਕੇਤ ਕਰ ਰਹੀ ਹੈ।
ਡਾ. ਹਰਸ਼ ਵਰਧਨ ਨੇ ਕਿਹਾ ਕਿ ਸਿਰਫ਼ 136 ਜ਼ਿਲ੍ਹੇ ਹੀ ਰੈੱਡ ਜ਼ੋਨ ’ਚ ਹਨ। ਇਨ੍ਹਾਂ ਜ਼ਿਲ੍ਹਿਆਂ ’ਚ ਥੋੜ੍ਹੇ ਜ਼ਿਆਦਾ ਮਾਮਲੇ ਹਨ। 276 ਜ਼ਿਲ੍ਹੇ ਓਰੈਂਜ ਜ਼ੋਨ ’ਚ ਹਨ, ਜਿਨ੍ਹਾਂ ਵਿੱਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਮਾਮੂਲੀ ਹੈ।
ਦੇਸ਼ ਦੇ 733 ਜ਼ਿਲ੍ਹਿਆਂ ਵਿੱਚੋਂ 321 ਜ਼ਿਲ੍ਹਿਆਂ ਵਿੱਚ ਕੋਰੋਨਾ ਦਾ ਕੋਈ ਮਰੀਜ਼ ਨਹੀਂ ਹੈ। ਸਾਡੇ ਜਤਨਾਂ ਦਾ ਨਤੀਜਾ ਹੈ ਕਿ 72 ਜ਼ਿਲ੍ਹਿਆਂ ਵਿੱਚ ਪਿਛਲੇ 14 ਦਿਨਾਂ ’ਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਰੈੱਡ ਜ਼ੋਨ ’ਚ ਜੇ 14 ਦਿਨਾਂ ਤੱਕ ਕੋਈ ਮਾਮਲਾ ਨਹੀਂ ਆਉਂਦਾ, ਤਾਂ ਉਸ ਨੂੰ ਓਰੈਂਜ ਜ਼ੋਨ ’ਚ ਰੱਖ ਦਿੱਤਾ ਜਾਂਦਾ ਹੈ ਤੇ ਓਰੈਂਜ ਜ਼ੋਨ ’ਚ 14 ਦਿਨਾਂ ਤੱਕ ਕੋਈ ਮਾਮਲਾ ਨਾ ਆਉਣ ਤੋਂ ਬਾਅਦ ਜ਼ਿਲ੍ਹੇ ਨੂੰ ਗ੍ਰੀਨ ਜ਼ੋਨ ’ਚ ਰੱਖਿਆ ਜਾਂਦਾ ਹੈ।