ਭਾਰਤ ਹੁਣ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥ–ਵਿਵਸਥਾ ਬਣ ਗਿਆ ਹੈ। 2.94 ਟ੍ਰਿਲੀਅਨ ਡਾਲਰ ਦੀ ਅਰਥ–ਵਿਵਸਥਾ ਨਾਲ ਭਾਰਤ ਨੇ ਸਾਲ 2019 ’ਚ ਇੰਗਲੈਂਡ ਤੇ ਫ਼ਰਾਂਸ ਨੂੰ ਪਿੱਛੇ ਛੱਡ ਦਿੱਤਾ ਹੈ। ਇੱਥੇ ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਪੰਜ ਸਾਲਾਂ ਅੰਦਰ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥ–ਵਿਵਸਥਾ ਬਣਾਉਣ ਦਾ ਟੀਚਾ ਰੱਖਿਆ ਹਿੋਇਆ ਹੈ।
ਅਮਰੀਕੀ ਖੋਜ ਸੰਸਥਾਨ ‘ਵਰਲਡ ਪਾਪੂਲੇਸ਼ਨ ਰੀਵਿਊ’ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਆਤਮ–ਨਿਰਭਰ ਬਣਨ ਦੀ ਪਹਿਲਾਂ ਦੀ ਨੀਤੀ ਤੋਂ ਭਾਰਤ ਹੁਣ ਅੱਗੇ ਵਧਦਿਆਂ ਇੱਕ ਖੁੱਲ੍ਹੇ ਬਾਜ਼ਾਰ ਵਾਲੀ ਅਰਥ–ਵਿਵਸਥਾ ਵਜੋਂ ਵਿਕਸਤ ਹੋ ਰਿਹਾ ਹੈ।
ਰਿਪੋਰਟ ਮੁਤਾਬਕ ਕੁੱਲ ਘਰੇਲੂ ਉਤਪਾਦਨ (GDP) ਦੇ ਮਾਮਲੇ ’ਚ ਭਾਰਤ 2.94 ਲੱਖ ਕਰੋੜ ਡਾਲਰ ਨਾਲ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ–ਵਿਵਸਥਾ ਵਾਲਾ ਦੇਸ਼ ਬਣ ਗਿਆ ਹੈ। ਇਸ ਮਾਮਲੇ ’ਚ ਉਸ ਨੇ 2019 ’ਚ ਇੰਗਲੈਂਡ ਤੇ ਫ਼ਰਾਂਸ ਨੂੰ ਪਿੱਛੇ ਛੱਡ ਦਿੱਤਾ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਇੰਗਲੈਂਡ ਦੀ ਅਰਥ–ਵਿਵਸਣਾ ਦਾ ਆਕਾਰ 2.83 ਟ੍ਰਿਲੀਅਨ ਡਾਲਰ ਹੈ; ਜਦ ਕਿ ਫ਼ਰਾਂਸ ਦਾ 2.7 ਟ੍ਰਿਲੀਅਨ ਡਾਲਰ ਹੈ। ਖ਼ਰੀਦ ਸ਼ਕਤੀ ਸਮਾਨਤਾ (PPP) ਦੇ ਆਧਾਰ ’ਤੇ ਭਾਰਤ ਦਾ ਕੁੱਲ ਘਰੇਲੂ ਉਤਪਾਦਨ 10.51 ਟ੍ਰਿਲੀਅਨ ਡਾਲਰ ਹੈ ਤੇ ਇਹ ਜਾਪਾਨ ਤੇ ਜਰਮਨੀ ਤੋਂ ਅੱਗੇ ਹੈ।
ਭਾਵੇਂ ਭਾਰਤ ’ਚ ਵੱਧ ਆਬਾਦੀ ਕਾਰਨ ਪ੍ਰਤੀ ਵਿਅਕਤੀ GDP ਸਿਰਫ਼ 2170 ਡਾਲਰ ਹੈ। ਅਮਰੀਕਾ ਵਿੱਚ ਪ੍ਰਤੀ ਵਿਅਕਤੀ ਜੀਡੀਪੀ 62,794 ਡਾਲਰ ਹੈ।
ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਦੀ ਸ਼ੁੱਧ ਜੀਡੀਪੀ ਵਾਧਾ ਦਰ ਲਗਾਤਾਰ ਤੀਜੀ ਤਿਮਾਹੀ ’ਚ ਕਮਜ਼ੋਰ ਰਹਿ ਸਕਦੀ ਹੈ ਤੇ 5 ਫ਼ੀ ਸਦੀ ਦੇ ਨੇੜੇ–ਤੇੜੇ ਰਹਿ ਸਕਦੀ ਹੈ।