ਤਸਵੀਰਾਂ: ਏਐੱਨਆਈ
ਭਾਰਤ ਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਦੁਵੱਲੀ ਗੱਲਬਾਤ ਇਸ ਵੇਲੇ ਅਟਾਰੀ–ਵਾਹਗਾ ਬਾਰਡਰ ਉੱਤੇ ਚੱਲ ਰਹੀ ਹੈ। ਪੰਜਾਬ ਲਈ ਇਹ ਮੀਟਿੰਗ ਬਹੁਤ ਅਹਿਮ ਹੈ ਕਿਉਂਕਿ ਇਸ ਵਾਰ ਸਮੁੱਚਾ ਵਿਸ਼ਵ, ਖ਼ਾਸ ਕਰ ਕੇ ਸਿੱਖ ਕੌਮ, ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਬੇਹੱਦ ਸ਼ਾਨੋ–ਸ਼ੌਕਤ ਨਾਲ ਮਨਾਉਣ ਜਾ ਰਹੀ ਹੈ।
ਅਜਿਹੇ ਵੇਲੇ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ’ਚ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸਾਹਿਬ ਨੂੰ ਭਾਰਤੀ ਸ਼ਰਧਾਲੂਆਂ ਲਈ ਖੋਲ੍ਹਣ ਵਾਸਤੇ ਖ਼ਾਸ ਲਾਂਘਾ ਬਣ ਰਿਹਾ ਹੈ। ਇਹ ਉਹੀ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਲੇ 16 ਵਰ੍ਹੇ ਬਿਤਾਏ ਸਨ।
ਦੋਵੇਂ ਦੇਸ਼ਾਂ ਦੇ ਵਫ਼ਦ ਇਸ ਵੇਲੇ ਆਪਸੀ ਗੱਲਬਾਤ ਕਰ ਰਹੇ ਹਨ। ਭਾਰਤੀ ਵਫ਼ਦ ਦੀ ਅਗਵਾਈ ਐੱਸਸੀਐੱਲ ਦਾਸ ਕਰ ਰਹੇ ਹਨ; ਜੋ ਦੇਸ਼ ਦੇ ਗ੍ਰਹਿ ਮੰਤਰਾਲੇ ਦੇ ਅੰਦਰੂਨੀ ਸੁਰੱਖਿਆ ਬਾਰੇ ਸੰਯੁਕਤ ਸਕੱਤਰ ਹਨ।
ਪਾਕਿਸਤਾਨੀ ਵਫ਼ਦ ਦੀ ਅਗਵਾਈ ਉੱਥੋਂ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫ਼ੈਸਲ ਕਰ ਰਹੇ ਹਨ। ਸ੍ਰੀ ਦਾਸ ਤੇ ਸ੍ਰੀ ਫ਼ੈਸਲ ਨੇ ਇੱਕ–ਦੂਜੇ ਨਾਲ ਹੱਥ ਮਿਲਾਇਆ। ਦੋਵੇਂ ਵਫ਼ਦਾਂ ਦੇ ਮੈਂਬਰ ਵੀ ਆਪਸ ਵਿੱਚ ਮਿਲੇ ਤੇ ਦੁਵੱਲੀ ਵਾਰਤਾ ਸ਼ੁਰੂ ਹੋ ਗਈ।
ਦੁਵੱਲੀ ਵਾਰਤਾ ਸ਼ੁਰੂ ਹੋਣ ਤੋਂ ਪਹਿਲਾਂ ਡਾ. ਫ਼ੈਸਲ ਨੇ ਕਿਹਾ ਕਿ ਪਾਕਿਸਤਾਨ ਕਰਤਾਰਪੁਰ ਸਾਹਿਬ ਲਾਂਘਾ ਸਮੇਂ–ਸਿਰ ਤਿਆਰ ਕਰਨ ਲਈ ਵਚਨਬੱਧ ਹੈ ਤੇ ਇਸ ਦਿਸ਼ਾ ਵਿੱਚ ਪੂਰਾ ਸਹਿਯੋਗ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਲਾਂਘੇ ਦੀ ਉਸਾਰੀ ਦਾ ਕੰਮ 70 ਫ਼ੀ ਸਦੀ ਤੋਂ ਵੱਧ ਮੁਕੰਮਲ ਹੋ ਗਿਆ ਹੈ। ਅੱਜ ਇਸੇ ਲਾਂਘੇ ਬਾਰੇ ਹੋਰ ਕੁਝ ਜ਼ਰੂਰੀ ਗੱਲਾਂ ਉੱਤੇ ਵਿਚਾਰ ਚੱਲ ਰਿਹਾ ਹੈ।