ਕੋਰੋਨਾ ਦਾ ਅਸਰ ਭਾਰਤ ਦੀਆਂ ਸਰਹੱਦਾਂ ਉੱਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਅਹਿਤਿਆਤ ਨਾਲ ਜ਼ਰੂਰੀ ਆਪਰੇਸ਼ਨ ਤੇ ਗਸ਼ਤ ਨੂੰ ਛੱਡ ਕੇ ਬਾਕੀ ਹਰ ਤਰ੍ਹਾਂ ਦੀ ਫ਼ੌਜੀ ਤੇ ਸੁਰੱਖਿਆ ਬਲਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਜਵਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਹਰ ਤਰ੍ਹਾਂ ਦੇ ਪ੍ਰੋਟੋਕਾਲ ਦੀ ਪਾਲਣਾ ਕਰਨ।
ਜਿਹੜੇ ਜਵਾਨ ਛੁੱਟੀ ਰੱਦ ਹੋਣ ਦੇ ਹੁਕਮ ਤੋਂ ਪਹਿਲਾਂ ਛੁੱਟੀ ’ਤੇ ਜਾ ਚੁੱਕੇ ਸਨ, ਉਨ੍ਹਾਂ ਦੀਆਂ ਛੁੱਟੀਆਂ 15 ਅਪ੍ਰੈਲ ਤੱਕ ਵਧਾ ਦਿੱਤੀਆਂ ਗਈਆਂ ਹਨ। ਸੂਤਰਾਂ ਨੇ ਕਿਹਾ ਕਿ ਕਸ਼ਮੀਰ ਦੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਇਲਾਕਿਆਂ ਤੇ ਨਾਜ਼ੁਕ ਤਾਇਨਾਤੀ ਵਾਲੀਆਂ ਥਾਵਾਂ ਉੱਤੇ ਰੂਟੀਨ ਆਪਰੇਸ਼ਨ ਰੋਕਣੇ ਸੰਭਵ ਨਹੀਂ ਹੈ।
ਗਸ਼ਤ ਵੀ ਬਹੁਤ ਜ਼ਿਆਦਾ ਅਹਿਤਿਆਤ ਹੋ ਰਹੀ ਹੈ ਪਰ ਜ਼ਰੂਰੀ ਆਪਰੇਸ਼ਨ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਹੋਰ ਗਤੀਵਿਧੀ ਉੱਤੇ ਰੋਕ ਲਾ ਦਿੱਤੀ ਗਈ ਹੈ। ਜ਼ਰੂਰੀ ਆਪਰੇਸ਼ਨ ਤੋਂ ਇਲਾਵਾ ਟ੍ਰਾਂਸਫ਼ਰ, ਪੋਸਟਿੰਗ, ਬਿਲਿੰਗ ਦੇ ਅੱਧੇ ਜਾਂ ਇੱਕ–ਤਿਹਾਈ ਰਹਿ ਗਏ ਹਨ।
ਵਿਸ਼ਵ ਪੱਧਰੀ ਮਹਾਂਮਾਰੀ ਕੋਰੋਨਾ ਵਾਇਰਸ ਦਾ ਇਸ ਵੇਲੇ ਜ਼ੋਰ ਹੈ ਪਰ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਮੈਡੀਕਲ ਸੰਕਟ ਦੇ ਸਮੇਂ ਵੀ ਪਾਕਿਸਤਾਨ ਵੱਲੋਂ ਕਦੇ–ਕਦੇ ਗੋਲੀਬਾਰੀ ਕਰ ਕੇ ਘੁਸਪੈਠ ਦੇ ਜਤਨ ਕੀਤੇ ਜਾਂਦੇ ਹਨ। ਸੁਰੰਖਿਆ ਬਲਾਂ ਨੇ ਅਜਿਹੀਆਂ ਕਈ ਸ਼ੱਕੀ ਗਤੀਵਿਧੀਆਂ ਨੂੰ ਮੌਕੇ ’ਤੇ ਫੜਿਆ ਹੈ।
ਇੱਕ ਅਧਿਕਾਰੀ ਮੁਤਾਬਕ ਭਾਰਤੀ ਜਵਾਨਾਂ ਨੇ ਕੋਰੋਨਾ ਦੇ ਖ਼ਤਰੇ ਦੇ ਬਾਵਜੂਦ ਸਰਹੰਦ ਉੱਤੇ ਲਗਾਤਾਰ ਚੌਕਸੀ ਬਣਾ ਕੇ ਰੱਖੀ ਹੋਈ ਹੈ ਕਿਉਂਕਿ ਪਾਕਿਸਤਾਨ ਲਗਾਤਾਰ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਹੈ।
ਪਿਛਲੇ ਵਰ੍ਹੇ ਦੇ ਅੰਤ ’ਚ ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦਾ ਫੈਲਾਅ ਪੂਰੀ ਦੁਨੀਆ ਤੱਕ ਪੁੱਜ ਚੁੱਕਾ ਹੈ। ਕੋਰੋਨਾ ਦੇ ਸਭ ਤੋਂ ਵੱਧ ਪਾਜ਼ਿਟਿਵ ਮਾਮਲੇਹ ਹੁਣ ਅਮਰੀਕਾ ’ਚ ਹਨ।
‘ਨਿਊ ਯਾਰਕ ਟਾਈਮਜ਼’ ਦੀ ਰਿਪੋਰਟ ਅਨੁਸਾਰ ਅਮਰੀਕਾ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ ਹੁਣ 81,321 ਹੋ ਗਈ ਹੈ।
ਲਗਭਗ 33 ਕਰੋੜ ਦੀ ਆਬਾਦੀ ਵਾਲੇ ਅਮਰੀਕਾ ਨੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਮਾਮਲੇ ’ਚ ਚੀਨ ਤੇ ਇਟਲੀ ਨੂੰ ਵੀ ਪਿਛਾਂਹ ਛੱਡ ਦਿੱਤਾ ਹੈ। ਇਟਲੀ ’ਚ ਹੁਣ ਤੱਕ 80,539 ਅਤੇ ਚੀਨ ’ਚ 81,285 ਕੋਰੋਨਾ–ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ।
ਅਮਰੀਕਾ ਦਾ ਮਹਾਂਨਗਰ ਨਿਊ ਯਾਰਕ ਇਸ ਬੀਮਾਰੀ ਦੇ ਮੁੱਖ ਕੇਂਦਰ ਵਜੋਂ ਉੱਭਰਿਆ ਹੈ। ਸ਼ਹਿਰ ਦੇ ਵਿਸ਼ਾਲ ਕਨਵੈਨਸ਼ਨ ਸੈਂਟਰ ਨੂੰ ਹੁਣ ਹਸਪਤਾਲ ’ਚ ਬਦਲਿਆ ਜਾ ਰਿਹਾ ਹੈ। ਨਿਊ ਯਾਰਕ ਸੂਬੇ ’ਚ ਸਭ ਤੋਂ ਵੱਧ 350 ਮੌਤਾਂ ਹੋ ਚੁੱਕੀਆਂ ਹਨ।
ਉੱਧਰ ਯੂਰੋਪ ’ਚ ਸਪੇਨ ਅਜਿਹਾ ਦੇਸ਼ ਹੈ, ਜਿੱਥੇ ਕੋਰੋਨਾ ਵਾਇਰਸ ਦਾ ਕਹਿਰ ਸਭ ਤੋਂ ਵੱਧ ਤੇਜ਼ੀ ਨਾਲ ਫੈਲ ਰਿਹਾ ਹੈ। ਦੁਨੀਆ ਭਰ ’ਚਾ ਕੋਰੋਨਾ ਵਾਇਰਸ ਦੀ ਲਾਗ ਤੋਂ ਗ੍ਰਸਤ ਪੀੜਤਾਂ ਦੀ ਗਿਣਤੀ ਪੰਜ ਲੰਖ ਨੂੰ ਪਾਰ ਕਰ ਚੁੱਕੀ ਹੈ।
ਇਸ ਦੌਰਾਨ 33 ਲੱਖ ਅਮਰੀਕਨਾਂ ਨੇ ਇੱਕ ਹਫ਼ਤੇ ਅੰਦਰ ਬੇਰੁਜ਼ਗਾਰੀ ਭੱਤੇ ਲਈ ਅਰਜ਼ੀਆਂ ਦਿੱਤੀਆਂ ਹਨ। ਇਸੇ ਗੱਲ ਤੋਂ ਦੁਨੀਆ ਦੀ ਸਭ ਤੋਂ ਵੱਡੀ ਅਰਥ–ਵਿਵਸਥਾ ਨੂੰ ਹੋਏ ਮਾਲੀ ਨੂਕਸਾਨ ਦਾ ਪਤਾ ਲੱਗਦਾ ਹੈ।
ਇਸ ਬੀਮਾਰੀ ਕਾਰਨ ਯੂਰੋਪ ਤੇ ਨਿਊ ਯਾਰਕ ਦੀਆਂ ਸਿਹਤ ਸੇਵਾਵਾਂ ਜਵਾਬ ਦਿੰਦੀਆਂ ਜਾ ਰਹੀਆਂ ਹਨ। ਅਮਰੀਕਾ ’ਚ ਕਾਰੋਬਾਰੀਆਂ, ਹਸਪਤਾਲਾਂ ਤੇ ਆਮ ਨਾਗਰਿਕਾਂ ਦੀ ਮਦਦ ਲਈ 2,200 ਅਰਬ ਡਾਲਰ ਦੇ ਆਰਥਿਕ ਪੈਕੇਜ ਦੀ ਮਨਜ਼ੂਰੀ ਦਿੱਤੀ ਗਈ ਹੈ।
ਪੂਰੀ ਦੁਨੀਆ ਦੇ ਲਗਭਗ 2.8 ਅਰਬ (280 ਕਰੋੜ) ਲੋਕ ਭਾਵ ਧਰਤੀ ਦੀ ਇੱਕ–ਤਿਹਾਈ ਤੋਂ ਵੱਧ ਦੀ ਆਬਾਦੀ ਉੱਤੇ ਲੌਕਡਾਊਨ ਕਾਰਨ ਯਾਤਰਾਵਾਂ ਕਰਨ ਉੱਤੇ ਰੋਕ ਲੱਗੀ ਹੋਈ ਹੈ।