ਈਰਾਨ ਨਾਲ ਭੁਗਤਾਨ ਦੀ ਸਮੱਸਿਆ ਕਾਰਨ ਭਾਰਤ ਦੇ ਬਾਸਮਤੀ ਚੌਲਾਂ ਦੀ ਬਰਾਮਦ (ਐਕਸਪੋਰਟ) ’ਤੇ ਇਸ ਵਰ੍ਹੇ ਕਾਫ਼ੀ ਅਸਰ ਪਿਆ ਹੈ। ਭਾਰਤ ਦੀ ਬਾਸਮਤੀ ਚੌਲ਼ਾਂ ਦੀ ਬਰਾਮਦ ਚਾਲੂ ਵਿੱਤੀ ਵਰ੍ਹੇ ਦੇ ਸ਼ੁਰੂਆਤੀ 9 ਮਹੀਨਿਆਂ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 3 ਫ਼ੀ ਸਦੀ ਘਟ ਗਈ ਹੈ।
ਗ਼ੈਰ–ਬਾਸਮਤੀ ਚੌਲ਼ਾਂ ਦੀ ਬਰਾਮਦ ’ਚ 36.5 ਫ਼ੀ ਸਦੀ ਗਿਰਾਵਟ ਆਈ ਹੈ। ਗ਼ੈਰ–ਬਾਸਮਤੀ ਚੌਲ਼ਾਂ ਦੀ ਬਰਾਮਦ ਘਟਣ ਬਾਰੇ ਕਾਰੋਬਾਰੀ ਦੱਸਦੇ ਹਨ ਕਿ ਕੌਮਾਂਤਰੀ ਬਾਜ਼ਾਰ ਵਿੱਚ ਭਾਰਤ ਦਾ ਗ਼ੈਰ–ਬਾਸਮਤੀ ਚੌਲ਼ ਹੋਰ ਦੇਸ਼ਾਂ ਦੇ ਚੌਲ਼ਾਂ ਦੇ ਮੁਕਾਬਲੇ ਮਹਿੰਗਾ ਹੈ; ਜਿਸ ਕਾਰਨ ਉਸਦੀ ਮੰਗ ਘੱਟ ਹੈ। ਪਰ ਇਹ ਗੱਲ ਬਾਸਮਤੀ ਚੌਲ਼ਾਂ ’ਤੇ ਲਾਗੂ ਨਹੀਂ ਹੁੰਦਾ ਕਿਉਂਕਿ ਬਾਸਮਤੀ ਚੌਲ਼ਾਂ ਦਾ ਭਾਰਤ ਦਾ ਆਪਣਾ ਇੱਕ ਬਾਜ਼ਾਰ ਹੈ; ਜਿੱਥੇ ਉਸ ਦਾ ਮੁਕਾਬਲੇ ਕਿਸੇ ਵੀ ਹੋਰ ਦੇਸ਼ ਨਾਲ ਨਹੀਂ ਹੈ।
ਕੇਂਦਰੀ ਵਣਜ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਚਾਲੂ ਵਿੱਤੀ ਵਰ੍ਹੇ 2019–20 ਦੇ ਸ਼ੁਰੂਆਤੀੀ 9 ਮਹੀਨਿਆਂ ਭਾਵ ਅਪ੍ਰੈਲ ਤੋਂ ਲੈ ਕੇ ਦਸੰਬਰ ਤੱਕ ਭਾਰਤ ਨੇ ਲਗਭਗ 297.75 ਕਰੋੜ ਡਾਲਰ ਮੁੱਲ ਦੇ ਬਾਸਮਤੀ ਚੌਲ਼ ਬਰਾਮਦ ਕੀਤੇ; ਜੋ ਪਿਛਲੇ ਸਾਲ ਇਸੇ ਮਿਆਦ ਦੇ ਲਗਭਗ 306.51 ਕਰੋੜ ਡਾਲਰ ਦੇ ਮੁਕਾਬਲੇ 2.86 ਫ਼ੀ ਸਦੀ ਘੱਟ ਹੈ।
ਗ਼ੈਰ–ਬਾਸਮਤੀ ਚੌਲ਼ਾਂ ਦੀ ਬਰਾਮਦ ਚਾਲੂ ਵਿੱਤੀ ਵਰ੍ਹੇ ’ਚ ਅਪ੍ਰੈਲ–ਦਸੰਬਰ ਦੌਰਾਨ 145.28 ਕਰੋੜ ਡਾਲਰ ਕੀਮਤ ਦੀ ਹੋਈ ਹੈ; ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਬਰਾਮਦ 228.96 ਕਰੋੜ ਡਾਲਰ ਤੋਂ 36.55 ਫ਼ੀ ਸਦੀ ਘੱਟ ਹੈ।
ਖੇਤੀਬਾੜੀ ਅਤੇ ਫ਼ੂਡ ਪ੍ਰੋਸੈਸਿੰਗ ਉਤਪਾਦ ਬਰਾਮਦ ਵਿਕਾਸ ਅਥਾਰਟੀ ਅਧੀਨ ਆਉਣ ਵਾਲੇ ਬਾਸਮਤੀ ਐਕਸਪੋਰਟ ਡਿਵੈਲਪਮੈਂਟ ਫ਼ਾਊਂਡੇਸ਼ਨ ਦੇ ਡਾਇਰੈਕਟਰ ਏ.ਕੇ. ਗੁਪਤਾ ਨੇ ਦੱਸਿਆ ਕਿ ਈਰਾਨ ਤੋਂ ਭੁਗਤਾਨ ਕਾਰਨ ਆ ਰਹੀ ਸਮੱਸਿਆ ਕਰਕੇ ਬਾਸਮਤੀ ਚੌਲ਼ਾਂ ਦੀ ਬਰਾਮਦ ਕੁਝ ਸੁਸਤ ਚੱਲ ਰਹੀ ਹੈ।
ਈਰਾਨ ਬਾਸਮਤੀ ਚੌਲ਼ਾਂ ਦਾ ਮੁੱਖ ਖ਼ਰੀਦਦਾਰ ਹੈ ਤੇ ਅਮਰੀਕਾ ਵੱਲੋਂ ਈਰਾਨ ਉੱਤੇ ਪਾਬੰਦੀ ਲਾਏ ਜਾਣ ਕਾਰਨ ਉੱਥੋਂ ਦਾ ਵਪਾਰ ਪ੍ਰਭਾਵਿਤ ਹੋਇਆ ਹੈ।