ਅੱਜ ਦੁਸਹਿਰਾ ਦਾ ਤਿਉਹਾਰ ਸਮੁੱਚੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਅੱਜ ਰਾਸ਼ਟਰੀ ਸਵੈਮਸੇਵਕ ਸੰਘ (RSS) ਦਾ ਸਥਾਪਨਾ ਦਿਵਸ ਵੀ ਹੈ। ਇਸ ਮੌਕੇ ਨਾਗਪੁਰ ’ਚ ਸੰਘ ਮੁਖੀ ਮੋਹਨ ਭਾਗਵਤ ਨੇ ਦੇਸ਼ ਦੇ ਨਿਵਾਸੀਆਂ ਨੂੰ ਦੁਸਹਿਰਾ (ਵਿਜੇਦਸ਼ਮੀ) ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਸ੍ਰੀ ਭਾਗਵਤ ਨੇ ਚੰਦਰਯਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਸਮੁੱਚੇ ਵਿਸ਼ਵ ਵਿੱਚ ਭਾਰਤ ਦਾ ਮਾਣ ਵਧਿਆ ਹੈ। ਉਨ੍ਹਾਂ ਕਿਹਾ ਕਿ ਜੰਮੂ–ਕਸ਼ਮੀਰ ’ਚ ਧਾਰਾ–370 ਹਟਾਉਣਾ ਬਹੁਤ ਵੱਡਾ ਫ਼ੈਸਲਾ ਸੀ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਬਹੁਤ ਸਾਰੇ ਲੋਕ ਭਾਰਤ ਦੀ ਵਿਚਾਰਧਾਰਕ ਪ੍ਰਕਿਰਿਆ ਬਦਲਣਾ ਚਾਹੁੰਦੇ ਹਨ ਅਤੇ ਨਿਜੀ ਸਵਾਰਥਾਂ ਵਾਲੇ ਲੋਕ ਨਹੀਂ ਚਾਹੁੰਦੇ ਕਿ ਭਾਰਤ ਮਜ਼ਬੂਤ ਤੇ ਤਾਕਤਵਰ ਬਣੇ।
ਆਰਐੱਸਐੱਸ ਮੁਖੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਕਈ ਵੱਡੇ ਫ਼ੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਅੱਜ–ਕੱਲ੍ਹ ਮੰਦਹਾਲੀ ਦੱਸੀ ਜਾ ਰਿਹਾ ਹੈ। ਇਸ ਬਾਰੇ ਮੇਰੀ ਇੱਕ ਅਰਥ–ਸ਼ਾਸਤਰੀ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਵਿਕਾਸ ਦਰ ਸਿਫ਼ਰ ਤੋਂ ਹੇਠਾਂ ਚਲੀ ਜਾਵੇ, ਤਦ ਮੰਦਹਾਲੀ ਹੁੰਦੀ ਹੈ; ਹਾਲੇ ਤਾਂ ਦੇਸ਼ ਦੀ ਵਿਕਾਸ ਦਰ ਪੰਜ ਫ਼ੀ ਸਦੀ ਤੋਂ ਉੱਪਰ ਹੈ।
ਸ੍ਰੀ ਭਾਗਵਤ ਨੇ ਕਿਹਾ ਕਿ ਸਰਕਾਰ ਨੇ ਮੰਦਹਾਲੀ ਨਾਲ ਨਿਪਟਣ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੀਤੇ ਕੁਝ ਸਾਲਾਂ ਦੌਰਾਨ ਇੱਕ ਤਬਦੀਲੀ ਭਾਰਤ ਦੀ ਸੋਚ ਦੀ ਦਿਸ਼ਾ ਵਿੱਚ ਆਈ ਹੈ।
ਸ੍ਰੀ ਭਾਗਵਤ ਨੇ ਅੱਗੇ ਕਿਹਾ ਕਿ ਦੁਨੀਆ ਇਹ ਜਾਣਨ ਲਈ ਉਤਸੁਕ ਸੀ ਕਿ ਕੀ ਇੰਨੇ ਵੱਡੇ ਦੇਸ਼ ਵਿੱਚ ਸਾਲ 2019 ਦੀਆਂ ਚੋਣਾਂ ਵਧੀਆ ਤਰੀਕੇ ਨਾਲ ਹੋ ਸਕਣਗੀਆਂ। ਭਾਰਤ ਵਿੱਚ ਲੋਕਤੰਤਰ ਕਿਤੋਂ ਬਾਹਰੋਂ ਨਹੀਂ ਆਇਆ, ਸਗੋਂ ਇਹ ਵਿਵਸਥਾ ਸਦੀਆਂ ਤੋਂ ਇੱਥੇ ਹੈ।
ਉਨ੍ਹਾਂ ਕਿਹਾ ਕਿ ਧਾਰਾ–370 ਦੀਆਂ ਜ਼ਿਆਦਾਤਰ ਵਿਵਸਥਾਵਾਂ ਹਟਾਉਣਾ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦਾ ਸ਼ਲਾਘਾਯੋਗ ਕਦਮ ਹੈ। ਭਾਰਤ ਦੀਆਂ ਸਰਹੱਦਾਂ ਹੁਣ ਪਹਿਲਾਂ ਦੇ ਮੁਕਾਬਲੇ ਵੱਧ ਸੁਰੱਖਿਅਤ ਹਨ। ਸਮੁੰਦਰੀ ਕੰਢਿਆਂ ਦੀ ਸੁਰੱਖਿਆ ਵੱਲ ਹੁਣ ਵੱਧ ਧਿਆਨ ਦੇਣ ਦੀ ਜ਼ਰੂਰਤ ਹੈ।