ਸਮੁੱਚੇ ਦੇਸ਼ ’ਚ ਅੱਜ ਵੀਰਵਾਰ ਨੂੰ ਮੁਕੰਮਲ ਲੌਕਡਾਊਨ ਦਾ ਦੂਜਾ ਦਿਨ ਹੈ। ਇਸ ਦੌਰਾਨ ਕੋਰੋਨਾ ਵਾਇਰਸ ਦੇ 645 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਹੁਣ ਤੱਕ 16 ਵਿਅਕਤੀ ਇਸ ਵਾਇਰਸ ਦੀ ਭੇਟ ਚੜ੍ਹ ਕੇ ਮਾਰੇ ਜਾ ਚੁੱਕੇ ਹਨ। ਦਰਅਸਲ, ਤਾਜ਼ਾ ਮੌਤ ਕਸ਼ਮੀਰ 'ਚ 65 ਸਾਲਾਂ ਦੇ ਇੱਕ ਵਿਅਕਤੀ ਦੀ ਹੋਈ ਹੈ। ਕੱਲ੍ਹ ਤੱਕ ਦੇਸ਼ ਵਿੱਚ 12 ਵਿਅਕਤੀ ਕੋਰੋਨਾ ਵਾਇਰਸ ਕਾਰਨ ਮਰੇ ਸਨ ਪਰ ਪਿਛਲੇ 24 ਘੰਟਿਆਂ ਦੌਰਾਨ ਚਾਰ ਮੌਤਾਂ ਇਸੇ ਵਾਇਰਸ ਕਰਕੇ ਹੋ ਚੁੱਕੀਆਂ ਹਨ।
ਪੂਰੀ ਦੁਨੀਆ ’ਚ ਇਸ ਵਾਇਰਸ ਨੇ ਹੁਣ ਤੱਕ 20,550 ਜਾਨਾਂ ਲੈ ਲਈਆਂ ਹਨ। ਇਸ ਮਾਮਲੇ ’ਚ ਇਟਲੀ ਨੇ ਚੀਨ ਨੂੰ ਵੀ ਪਛਾੜ ਦਿੱਤਾ ਹੈ; ਜਿੱਥੋਂ ਵਾਇਰਸ ਦੇ ਪਹਿਲੇ ਮਰੀਜ਼ ਮਿਲਣੇ ਸ਼ੁਰੂ ਹੋਏ ਸਨ।
ਇਟਲੀ ’ਚ ਕੱਲ੍ਹ ਬੁੱਧਵਾਰ ਤੱਕ ਕੋਰੋਨਾ ਨੇ 7,503 ਮਨੁੱਖੀ ਜਾਨਾਂ ਲੈ ਲਈਆਂ ਸਨ ਤੇ 74,386 ਵਿਅਕਤੀ ਇਸ ਵਾਇਰਸ ਦੀ ਲਪੇਟ ’ਚ ਆ ਚੁੱਕੇ ਸਨ।
ਸਮੁੱਚੇ ਵਿਸ਼ਵ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 4.55 ਲੱਖ ਤੱਕ ਪੁੱਜ ਗਈ ਹੈ। ਹੁਣ ਇਸ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੁੰਦਾ ਜਾ ਰਿਹਾ ਹੈ।
ਪੰਜਾਬ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 31 ਹੋ ਗਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਨਵਾਂਸ਼ਹਿਰ ਦੇ ਹਨ। ਪੰਜਾਬ ’ਚ 22 ਵਿਅਕਤੀ ਸਿਰਫ਼ ਇੱਕੋ ਵਿਅਕਤੀ ਦੇ ਸੰਪਰਕ ਵਿੱਚ ਆਉਣ ਕਾਰਨ ਬੀਮਾਰ ਹੋਏ ਹਨ। ਉਹ ਵਿਅਕਤੀ ਜਰਮਨੀ ਤੋਂ ਬਰਾਸਤੀ ਇਟਲੀ ਆਪਣੇ ਵਤਨ ਪਰਤਿਆ ਸੀ।
ਨਵਾਂਸ਼ਹਿਰ ਦੇ ਕਸਬੇ ਬੰਗਾ ਲਾਗਲੇ ਪਿੰਡ ਪਠਲਾਵਾ ਦੇ ਉਸ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਤੇ ਉਹ ਅਨੰਦਪੁਰ ਸਾਹਿਬ ’ਚ ਹੋਲਾ ਮਹੱਲਾ ਦੇ ਜਸ਼ਨਾਂ ਵਿੱਚ ਵੀ ਮੌਜੂਦ ਸੀ। ਇਸੇ ਲਈ ਹੁਣ ਉਨ੍ਹਾਂ ਸਾਰੇ ਵਿਅਕਤੀਆਂ ਦਾ ਕੋਰੋਨਾ ਟੈਸਟ ਹੋ ਰਿਹਾ ਹੈ, ਜਿਹੜੇ ਅਨੰਦਪੁਰ ਸਾਹਿਬ ਜਾ ਕੇ ਆਏ ਸਨ।
ਮਾਰੂ ਕਿਸਮ ਦੇ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਭਾਰਤ ਸਰਕਾਰ ਨੇ ਸਮੁੱਚੇ ਦੇਸ਼ ’ਚ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਹੋਇਆ ਹੈ। ਲੌਕਡਾਊਨ ਕਾਰਨ ਸਭ ਕੁਝ ਬੰਦ ਹੈ ਤੇ ਆਮ ਲੋਕਾਂ ਨੂੰ ਜ਼ਰੂਰੀ ਸਾਮਾਨ ਦੀ ਕਿੱਲਤ ਹੋ ਰਹੀ ਹੈ। ਉਂਝ ਸਰਕਾਰ ਵੱਲੋਂ ਲਗਾਤਾਰ ਮਦਦ ਪਹੁੰਚਾਉਣ ਦੇ ਜਤਨ ਕੀਤੇ ਜਾ ਰਹੇ ਹਨ।
ਇਸ ਵੇਲੇ ਭਾਰਤ ਦਾ ਵੱਡਾ ਹਿੱਸਾ ਘਰਾਂ ’ਚ ਹੈ ਪਰ ਫਿਰ ਵੀ ਕੁਝ ਲੋਕਾਂ ਨੂੰ ਜ਼ਰੂਰੀ ਸਾਮਾਨ ਲੈਣ ਲਈ ਆਪੋ–ਆਪਣੇ ਘਰਾਂ ’ਚੋਂ ਬਾਹਰ ਨਿੱਕਲਣਾ ਪੈ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ’ਚ ਜ਼ਰੂਰੀ ਸਾਮਾਨ ਮੁਹੱਈਆ ਨਹੀਂ ਹੋ ਰਿਹਾ।
ਕੁਝ ਥਾਵਾਂ ’ਤੇ ਅਜਿਹੀਆਂ ਰਿਪੋਰਟਾਂ ਵੀ ਆ ਰਹੀਆਂ ਹਨ ਕਿ ਆਮ ਲੋਕਾਂ ਦਾ ਸੰਜਮ ਲਗਾਤਾਰ ਟੁੱਟ ਰਿਹਾ ਹੈ ਪਰ ਫਿਰ ਵੀ ਲੋਕ ਇੱਕ–ਦੂਜੇ ਤੋਂ ਕੁਝ ਦੂਰੀ ਬਣਾ ਕੇ ਚੱਲ ਰਹੇ ਹਨ।