ਚਾਲੂ ਵਿੱਤੀ ਵਰ੍ਹੇ 2019–2020 ’ਚ ਭਾਰਤ ਵਿੱਚ ਬਰਾਮਦ (ਐਕਸਪੋਰਟ ਜਾਂ ਨਿਰਯਾਤ) ਦੀ ਸੁਸਤੀ ਕਾਇਮ ਹੈ। ਦੇਸ਼ ਦੀ ਬਰਾਮਦ ਜਨਵਰੀ–2020 ’ਚ 1.66 ਫ਼ੀ ਸਦੀ ਹੋਰ ਘਟ ਕੇ 25.97 ਅਰਬ ਡਾਲਰ ’ਤੇ ਆ ਗਈ ਹੈ। ਇਹ ਲਗਾਤਾਰ 6ਵਾਂ ਮਹੀਨਾ ਹੈ, ਜਦੋਂ ਬਰਾਮਦ ਘਟੀ ਹੈ।
ਇਸ ਤੋਂ ਪਹਿਲਾਂ ਜੂਨ 2019 ’ਚ ਵਪਾਰ ਘਾਟਾ 15.28 ਅਰਬ ਡਾਲਰ ਸੀ। ਬਰਾਮਦਾਂ ’ਚ ਇਸ ਕਮੀ ਦਾ ਅਸਰ ਦੇਸ਼ ਦੇ ਆਰਥਿਕ ਵਾਧੇ ’ਤੇ ਵੀ ਸਪੱਸ਼ਟ ਵੇਖਿਆ ਜਾ ਰਿਹਾ ਹੈ। ਚਾਲੂ ਵਿੱਤੀ ਵਰ੍ਹੇ ਦੌਰਾਨ ਕੁੱਲ ਘਰੇਲੂ ਉਤਪਾਦਨ (GDP) ਦੀ ਵਾਧਾ ਦਰ 5 ਫ਼ੀ ਸਦੀ ਰਹਿਣ ਦਾ ਅਨੁਮਾਨ ਹੈ, ਜੋ 11 ਸਾਲਾਂ ਦਾ ਸਭ ਤੋਂ ਹੇਠਲਾ ਪੱਧਰ ਹੈ।
ਬੀਤੇ ਜਨਵਰੀ ਮਹੀਨੇ ਦਰਾਮਦਾਂ ਵੀ 0.75 ਫ਼ੀ ਸਦੀ ਘਟ ਕੇ 41.14 ਅਰਬ ਡਾਲਰ ’ਤੇ ਆ ਗਿਆ। ਇਸ ਤੋਂ ਇਲਾਵਾ ਜਨਵਰੀ ਮਹੀਨੇ ਵਪਾਰ ਘਾਟਾ 15.17 ਅਰਬ ਡਾਲਰ ਰਿਹਾ, ਜੋ ਸੱਤ ਮਹੀਨਿਆਂ ’ਚ ਸਭ ਤੋਂ ਵੱਧ ਹੈ।
ਅੰਕੜਿਆਂ ਮੁਤਾਬਕ ਚਾਲੂ ਵਿੱਤੀ ਵਰ੍ਹੇ ਦੌਰਾਨ ਅਪ੍ਰੈਲ–ਜਨਵਰੀ ਦੌਰਾਨ ਬਰਾਮਦ ਇੱਕ ਸਾਲ ਪਹਿਲਾਂ ਦੇ ਇਸੇ ਸਮੇਂ ਦੇ ਮੁਕਾਬਲੇ 1.93 ਫ਼ੀ ਸਦੀ ਡਿੱਗ ਕੇ 265.26 ਅਰਬ ਡਾਲਰ ਰਿਹਾ। ਇਸ ਦੌਰਾਨ ਦਰਾਮਦ ’ਚ 8.12 ਫ਼ੀ ਸਦੀ ਗਿਰਾਵਟ ਰਹੀ ਤੇ ਇਹ 398.53 ਅਰਬ ਡਾਲਰ ਰਹੀ।
ਪੈਟਰੋਲਅਮ ਪਦਾਰਥਾਂ, ਪਾਸਟਿਕ, ਕਾਲੀਨ, ਰਤਨ ਤੇ ਗਹਿਣਿਆਂ ਤੋਂ ਇਲਾਵਾ ਚਮੜਾ ਉਤਪਾਦਾਂ ਦੀ ਬਰਾਮਦ ਵਿੱਚ ਕਮੀ ਕਾਰਨ ਇਸ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਅੰਕੜਿਆਂ ਮੁਤਾਬਕ ਇਸ ਵਰ੍ਹੇ ਜਨਵਰੀ ’ਚ ਕੁੱਲ 30 ਮੁੱਖ ਖੇਤਰਾਂ ਵਿੱਚੋਂ 18 ’ਚ ਗਿਰਾਵਟ ਦਰਜ ਕੀਤੀ ਗਈ।
ਕੱਪੜਾ ਖੇਤਰ ਦੀ ਬਰਾਮਦ ਬਹੁਤ ਘਟ ਗਈ ਹੈ। ਮਾਹਿਰਾਂ ਮੁਤਾਬਕ ਇਸ ਮਾਮਲੇ ’ਚ ਸਰਕਾਰ ਦੀ ਮਦਦ ਦੀ ਜ਼ਰੂਰਤ ਹੈ।