ਕਰਨਾਟਕ ਦੇ ਸਾਬਕਾ ਰਾਜਪਾਲ ਤੇ ਸਾਬਕਾ ਕਾਨੂੰਨ ਮੰਤਰੀ ਹੰਸਰਾਜ ਭਾਰਦਵਾਜ ਦਾ ਕੱਲ੍ਹ ਦੇਹਾਂਤ ਹੋ ਗਿਆ ਸੀ। ਉਹ 82 ਸਾਲਾਂ ਦੇ ਸਨ। ਸ੍ਰੀ ਭਾਰਦਵਾਜ ਕਾਂਗਰਸ ਦੇ ਸੀਨੀਅਰ ਆਗੂਆਂ ’ਚ ਗਿਣੇ ਜਾਂਦੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਕੀਤਾ ਜਾਵੇਗਾ।
ਪਰਿਵਾਰ ਮੁਤਾਬਕ ਸ੍ਰੀ ਹੰਸਰਾਜ ਭਾਰਦਵਾਜ ਦਾ ਦੇਹਾਂਤ ਦਿਲ ਦੀ ਧੜਕਣ ਰੁਕ ਜਾਣ ਕਾਰਨ ਹੋਇਆ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ਼ਾਮੀਂ 4:00 ਵਜੇ ਦਿੱਲੀ ਦੇ ਨਿਗਮਬੋਧ ਘਾਟ ਉੱਤੇ ਕੀਤਾ ਜਾਵੇਗਾ।
ਸ੍ਰੀ ਹੰਸ ਰਾਜ ਭਾਰਦਵਾਜ ਦੇ ਦੇਹਾਂਤ ਉੱਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸ੍ਰੀ ਮੋਦੀ ਦੇ ਹਵਾਲੇ ਨਾਲ ਇੱਕ ਟਵੀਟ ਕਰਦਿਆਂ ਆਖਿਆ ਗਿਆ ਹੈ ਕਿ – ‘ਸਾਬਕਾ ਮੰਤਰੀ ਹੰਸਰਾਜ ਭਾਰਦਵਾਜ ਦੇ ਦੇਹਾਂਤ ਤੋਂ ਦੁਖੀ, ਦੁੱਖ ਦੀ ਇਸ ਘੜੀ ’ਚ ਮੇਰੇ ਵਿਚਾਰ ਉਨ੍ਹਾਂ ਦੇ ਪਰਿਵਾਰ ਤੇ ਸ਼ੁਭ–ਚਿੰਤਕਾਂ ਦੇ ਨਾਲ ਹਨ।’
19 ਮਈ, 1937 ਨੂੰ ਹਰਿਆਣਾ ’ਚ ਜਨਮੇ ਹੰਸਰਾਜ ਭਾਰਦਵਾਜ ਨੇ ਯੂਪੀਏ ਦੇ ਕਾਰਜਕਾਲ ਸਮੇਂ ਕਾਨੁੰਨ ਮੰਤਰੀ ਵਜੋ਼ ਸਭ ਤੋਂ ਲੰਬਾ ਸਮਾਂ ਬਿਤਾਇਆ ਸੀ। ਉਹ 22 ਮਈ, 2004 ਤੋਂ 28 ਮਈ, 2009 ਤੱਕ ਕਾਨੂੰਨ ਮੰਤਰੀ ਰਹੇ ਸਨ। ਆਜ਼ਾਦੀ ਤੋਂ ਬਾਅਦ ਹੋਰ ਕੋਈ ਵੀ ਵਿਅਕਤੀ ਇੰਨਾ ਲੰਮਾ ਸਮਾਂ ਦੇਸ਼ ਦਾ ਕਾਨੂੰਨ ਮੰਤਰੀ ਨਹੀਂ ਰਿਹਾ।
ਸਾਲ 2009 ਤੋਂ 2014 ਤੱਕ ਉਹ ਕਰਨਾਟਕ ਦੇ ਅਤੇ 2012–13 ਦੌਰਾਨ ਕੇਰਲ ਦੇ ਰਾਜਪਾਲ ਵੀ ਰਹੇ ਸਨ।
ਇਸ ਤੋਂ ਇਲਾਵਾ ਸ੍ਰੀ ਹੰਸਰਾਜ ਭਾਰਦਵਾਜ 1982, 1984, 2000 ਅਤੇ 2006 ’ਚ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ। ਸ੍ਰੀ ਭਾਰਦਵਾਜ ਦੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਵਜੋਂ ਵੀ ਆਪਣੀ ਇੱਕ ਵੱਖਰੀ ਪਛਾਣ ਸੀ।