ਗੈਂਗਸਟਰ ਤੇ ਗੁਰੂਗ੍ਰਾਮ ਪੁਲਿਸ ਦਾ ਮੋਸਟ–ਵਾਂਟੇਡ ਬਦਮਾਸ਼ ਕੌਸ਼ਲ ਇਸ ਵੇਲੇ ਦੁਬਈ ’ਚ ਲੁਕਿਆ ਹੋਇਆ ਹੈ। ਇੱਥੇ ਉਹ ਕੁਮਾਰ ਨਰੇਸ਼ ਦੇ ਨਾਂਅ ਨਾਲ ਲਗਭਗ ਛੇ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਰਹਿ ਰਿਹਾ ਹੈ।
ਇਸ ਬਦਮਾਸ਼ ਬਾਰੇ ਸਹੀ ਜਾਣਕਾਰੀ ਮਿਲਣ ਤੋਂ ਬਾਅਦ ਭਾਰਤੀ ਪੁਲਿਸ ਨੇ ਇੰਟਰਪੋਲ ਦੀ ਮਦਦ ਨਾਲ ਉਸ ਦੀ ਗ੍ਰਿਫ਼ਤਾਰੀ ਲਈ ਰੈੱਡ–ਕਾਰਨਰ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਬਦਮਾਸ਼ ਦੀ ਗ੍ਰਿਫ਼ਤਾਰੀ ਲਈ ਹਰਿਆਣਾ ਸਰਕਾਰ ਨੇ ਸਿਆਸੀ ਜਤਨ ਵੀ ਤੇਜ਼ ਕਰ ਦਿੱਤੇ ਹਨ।
ਗੈਂਗਸਟਰ ਕੌਸ਼ਲ ਦੀ ਲੋਕੇਸ਼ਨ ਲੱਭਣ ਵਿੱਚ ਜੁਟੇ ਪੁਲਿਸ ਅਧਿਕਾਰੀਆਂ ਮੁਤਾਬਕ ਪਹਿਲਾਂ ਵੀ ਕਈ ਵਾਰ ਉਸ ਦੀ ਲੋਕੇਸ਼ਨ ਮਿਲੀ ਹੈ ਪਰ ਇਸ ਵਾਰ ਕੁਝ ਪੁਖ਼ਤਾ ਜਾਣਕਾਰੀਆਂ ਹੱਥ ਲੱਗੀਆਂ ਹਲ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਵਾਰ ਪੁਲਿਸ ਨੂੰ ਉਸ ਦਾ ਪਾਸਪੋਰਟ ਵੀ ਹੱਥ ਲੱਗ ਗਿਆ ਹੈ; ਜਿਸ ਵਿੱਚ ਉਸ ਦਾ ਨਾਂਅ ਨਰੇਸ਼ ਦਰਜ ਹੈ, ਜਦ ਕਿ ਪਤਾ ਮੱਧ ਪ੍ਰਦੇਸ਼ ਦਾ ਹੈ।
ਇਸ ਸੂਚਨਾ ਤੋਂ ਬਾਅਦ ਸਰਕਾਰੀ ਪੱਧਰ ਉੱਤੇ ਉਸ ਦੀ ਭਾਰਤ ਹਵਾਲਗੀ ਲਈ ਕੂਟਨੀਕ ਗੱਲਬਾਤ ਸ਼ੁਰੂ ਹੋ ਗਈ ਹੈ। ਇੰਟਰਪੋਲ ਰਾਹੀਂ ਉਸ ਦੀ ਗ੍ਰਿਫ਼ਤਾਰੀ ਲਈ ਰੈੱਡ–ਕਾਰਨਰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ।