ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਸ਼ੁੱਕਰਵਾਰ ਨੁੰ ਖੇਡ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸ੍ਰੀ ਕਿਰਨ ਰਿਜਿਜੂ ਨੇ ਭਾਰਤ ਦੀ ਦੌੜਾਕ ਹਿਮਾ ਦਾਸ ਨੂੰ ਟੋਕੀਓ ਉਲੰਪਿਕ 2020 ਲਈ ਤਿਆਰ ਰਹਿਣ ਤੇ ਦੇਸ਼ ਲਈ ਤਮਗ਼ਾ ਲਿਆਉਣ ਲਈ ਆਖਿਆ ਹੈ।
ਨਵੇਂ ਖੇਡ ਮੰਤਰੀ ਸ੍ਰੀ ਰਿਜਿਜੂ ਨੂੰ ਵਧਾਈ ਦਿੰਦਿਆਂ ਹਿਮਾ ਨੇ ਟਵੀਟ ਕਰ ਕੇ ਆਖਿਆ ਕਿ – ‘ਖੇਡ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਣ ਲਈ ਤੁਹਾਨੂੰ ਬਹੁਤ–ਬਹੁਤ ਵਧਾਈ ਰਿਜਿਜੂ ਸਰ।‘
ਇਸ ਦੇ ਜਵਾਬ ਵਿੱਚ ਸ੍ਰੀ ਰਿਜਿਜੂ ਨੇ ਹਿਮਾ ਦਾ ਧੰਨਵਾਦ ਕਰਦਿਆਂ ਕਿਹਾ – ‘ਸ਼ੁਭ–ਕਾਮਨਾਵਾਂ ਲਈ ਧੰਨਵਾਦ, ਹਿਮਾ, ਟੋਕੀਓ ਉਲੰਪਿਕ ਲਈ ਤਿਆਰ ਰਹੋ।’
ਸ੍ਰੀ ਰਿਜਿਜੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦੌਰਾਨ ਖੇਡ ਮੰਤਰੀ ਬਣਾਇਆ ਗਿਆ ਹੈ। ਪਿਛਲੇ ਕਾਰਜਕਾਲ ਦੌਰਾਨ ਸਾਬਕਾ ਨਿਸ਼ਾਨੇਬਾਜ਼ ਰਾਜਯਵਰਧਨ ਸਿੰਘ ਰਾਠੌੜ ਖੇਡ ਮੰਤਰੀ ਸਨ।
ਹਿਮਾ ਨੇ ਪਿਛਲੇ ਸਾਲ ਜਕਾਰਤਾ ਵਿਖੇ ਏਸ਼ੀਆਈ ਖੇਡਾਂ ਵਿੱਚ 400 ਮੀਟਰ ਦੌੜ 50.79 ਸੈਕੰਡਾਂ ਵਿੱਚ ਮੁਕੰਮਲ ਕਰ ਕੇ ਰਿਕਾਰਡ ਬਣਾਇਆ ਸੀ। ਇਸ ਤੋਂ ਇਲਾਵਾ ਉਹ ਪਹਿਲੀ ਭਾਰਤੀ ਐਥਲੀਟ ਹਨ, ਜਿਨ੍ਹਾਂ ਆਈਏਏਐੱਫ਼ ਵਿਸ਼ਵ ਅੰਡਰ–20 ਚੈਂਪੀਅਨਸ਼ਿਪ ਦੌਰਾਨ ਟ੍ਰੈਕ ਈਵੈਂਟ ’ਚ ਸੋਨ ਤਮਗ਼ਾ ਜਿੱਤਿਆ ਸੀ ਤੇ ਅਗਲੇ ਸਾਲ ਵੀ ਉਨ੍ਹਾਂ ਤੋਂ ਜਾਪਾਨ ਦੇ ਟੋਕੀਓ ਵਿਖੇ ਹੋਣ ਵਾਲੀਆਂ ਉਲੰਪਿਕ ਖੇਡਾਂ ਵਿੱਚ ਤਮਗ਼ੇ ਦੀ ਆਸ ਰੱਖੀ ਜਾ ਰਹੀ ਹੈ।