ਭਾਰਤ ਨੇ ਨਵੇਂ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਵਾਲੇ 550 ਸ਼ਰਧਾਲੂਆਂ ਦੇ ਪਹਿਲੇ ਜੱਥੇ ਵਿੱਚ ਸ਼ਾਮਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਲਈ ਪਾਕਿਸਤਾਨ ਤੋਂ ਜ਼ੈੱਡ–ਪਲੱਸ ਸ਼੍ਰੇਣੀ ਦੀ ਸੁਰੱਖਿਆ ਮੰਗੀ ਹੈ। ਜਦ ਕਿ ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਨੇ ਇਸ ਲਈ ਬੈਟਰੀ ਨਾਲ ਚੱਲਣ ਵਾਲੀ ਖੁੱਲ੍ਹੀ ਕਾਰ ਦਾ ਇੰਤਜ਼ਾਮ ਕੀਤਾ ਹੈ। ਇੰਝ ਸਾਬਕਾ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਸੁਆਲ ਖੜ੍ਹਾ ਹੋ ਗਿਆ ਹੈ। ਚੇਤੇ ਰਹੇ ਕਿ ਖ਼ੁਫ਼ੀਆ ਏਜੰਸੀਆਂ ਪਹਿਲਾਂ ਹੀ ਕਰਤਾਰਪੁਰ ਸਾਹਿਬ ਵਿੱਚ ਅੱਤਵਾਦੀ ਹਮਲੇ ਬਾਰੇ ਰਿਪੋਰਟ ਦੇ ਚੁੱਕੀਆਂ ਹਨ।
ਸਿੱਖ ਕੌਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 9 ਨਵੰਬਰ ਨੂੰ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਲਈ ਬਣਾਏ ਨਵੇਂ ਲਾਂਘੇ ਦਾ ਉਦਘਾਟਨ ਹੋਣਾ ਹੈ। ਭਾਰਤ ਤੋਂ ਉੱਥੇ ਜਾਣ ਲਈ 550 ਸ਼ਰਧਾਲੂਆਂ ਦਾ ਪਹਿਲਾ ਜੱਥਾ ਵੀ ਤਿਆਰ ਹੈ।
ਇਸ ਜੱਥੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਸ਼ਾਮਲ ਹਨ। ਇਹ ਜੱਥਾ ਗੁਰਦੁਆਰਾ ਸਾਹਿਬ ਤੱਕ ਲਗਭਗ ਚਾਰ ਕਿਲੋਮੀਟਰ ਪਾਕਿਸਤਾਨ ਦੇ ਅੰਦਰ ਤੱਕ ਜਾਣ ਵਾਲਾ ਹੈ।
ਉੱਧਰ ਭਾਰਤ ਵੱਲੋਂ ਵੀਆਈਪੀ ਜੱਥੇ ਲਈ ਅੱਤਵਾਦੀ ਹਮਲੇ ਦੀ ਖ਼ੁਫ਼ੀਆ ਰਿਪੋਰਟ ਮਿਲਣ ਤੋਂ ਬਾਅਦ ਪਾਕਿਸਤਾਨ ਨੂੰ ਸਖ਼ਤ ਇੰਤਜ਼ਾਮ ਕਰਨ ਦੀ ਮੰਗ ਕੀਤੀ ਗਈ ਹੈ। ਨਾਲ ਹੀ ਖ਼ੁਫ਼ੀਆ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ।
ਪਾਕਿਸਤਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਲਈ ਬੈਟਰੀ ਨਾਲ ਚੱਲਣ ਵਾਲੀ ਚਾਰੇ ਪਾਸਿਓਂ ਖੁੱਲ੍ਹੀ ਕਾਰ ਦਾ ਇੰਤਜ਼ਾਮ ਕੀਤਾ ਹੈ; ਭਾਵੇਂ ਇਹ ਸਾਬਕਾ ਪ੍ਰਧਾਨ ਮੰਤਰੀ ਨੂੰ ਭਾਰਤ ’ਚ ਮਿਲੀ ਜ਼ੈੱਡ–ਪਲੱਸ ਸੁਰੱਖਿਆ ਇੰਤਜ਼ਾਮਾਂ ਦੇ ਬਰਾਬਰ ਨਹੀਂ ਹੈ। ਇਸੇ ਲਈ ਭਾਰਤ ਨੇ ਪਾਕਿਸਤਾਨ ਨੂੰ ਵਾਧੂ ਸੁਰੱਖਿਆ ਇੰਤਜ਼ਾਮ ਕਰਨ ਲਈ ਆਖਿਆ ਹੈ।
ਇਸ ਦੇ ਨਾਲ ਹੀ ਭਾਰਤੀ ਜੱਥੇ ਵਿੱਚ ਸ਼ਾਮਲ ਲੋਕਾਂ ਦੀ ਸੁਰੱਖਿਆ ਦੇ ਹੋਰ ਵੀ ਖ਼ਾਸ ਇੰਤਜ਼ਾਮ ਕਰਨ ਲਈ ਆਖਿਆ ਹੈ।