ਭਾਰਤੀ ਹਵਾਈ ਫ਼ੌਜ ਨੇ ਫ਼ਰਾਂਸ ਤੋਂ ਮਿਲਣ ਵਾਲੇ 36 ਰਾਫ਼ੇਲ ਜੰਗੀ ਹਵਾਈ ਜਹਾਜ਼ਾਂ ਨੂੰ ਪਾਕਿਸਤਾਨ ਤੇ ਚੀਨ ਦੀਆਂ ਸਰਹੱਦਾਂ ਨੇੜੇ ਬਰਾਬਰ–ਬਰਾਬਰ ਗਿਣਤੀ ਵਿੱਚ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਵਿੱਚੋਂ 18 ਰਾਫ਼ੇਲ ਹਵਾਈ ਜਹਾਜ਼ ਹਵਾਈ ਫ਼ੌਜ ਦੇ ਅੰਬਾਲਾ ਸਥਿਤ ਬੇਸ ਉੱਤੇ ਤਾਇਨਾਤ ਕੀਤੇ ਜਾਣਗੇ। ਬਾਕੀ ਦੇ 18 ਪੱਛਮੀ ਬੰਗਾਲ ਦੇ ਹਾਸ਼ੀਮਾਰਾ ਬੇਸ ’ਤੇ ਤਾਇਨਾਤ ਹੋਣਗੇ।
ਮੰਨਿਆ ਜਾ ਰਿਹਾ ਹੈ ਕਿ ਦੋਵੇਂ ਦੇਸ਼ਾਂ ਤੋਂ ਮਿਲਣ ਵਾਲੀ ਕਿਸੇ ਵੀ ਸੰਭਾਵੀ ਚੁਣੌਤੀ ਦੇ ਮੱਦੇਨਜ਼ਰ ਇਹ ਤਾਇਨਾਤੀ ਕੀਤੀ ਜਾਵੇਗੀ। ਪਹਿਲਾ ਰਾਫ਼ੇਲ ਹਵਾਈ ਜਹਾਜ਼ ਭਾਵੇਂ ਫ਼ਰਾਂਸ ਤੋਂ ਮਿਲ ਗਿਆ ਹੋਵੇ ਪਰ ਇਸ ਨੂੰ ਭਾਰਤ ਪੁੱਜਣ ਵਿੱਚ ਹਾਲੇ ਥੋੜ੍ਹਾ ਸਮਾਂ ਲੱਗੇਗਾ।
ਹਾਲੇ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਇਨ੍ਹਾਂ ਨਵੇਂ ਰਾਫ਼ੇਲ ਜਹਾਜ਼ਾਂ ਨੂੰ ਉਡਾਉਣ ਦੀ ਸਿਖਲਾਈ ਫ਼ਰਾਂਸ ’ਚ ਜਾ ਕੇ ਲੈਣਗੇ। ਇਸ ਤੋਂ ਬਾਅਦ ਹੀ ਉਹ ਇੱਥੇ ਦੇਸ਼ ਵਿੱਚ ਲਿਆਂਦੇ ਜਾਣਗੇ।
ਹਵਾਈ ਫ਼ੌਜ ਦੇ ਸੂਤਰਾਂ ਮੁਤਾਬਕ ਕੁੱਲ ਚਾਰ ਰਾਫ਼ੇਲ ਜਹਾਜ਼ਾਂ ਦੀ ਪਹਿਲੀ ਖੇਪ ਅਗਲੇ ਮਈ ਮਹੀਨੇ ਅੰਬਾਲਾ ਏਅਰਬੇਸ ’ਤੇ ਪੁੱਜ ਜਾਵੇਗੀ। ਇਸ ਤੋਂ ਬਾਅਦ ਕੁਝ–ਕੁਝ ਮਹੀਨਿਆਂ ਦੇ ਵਕਫ਼ੇ ਨਾਲ ਚਾਰ–ਚਾਰ ਰਾਫ਼ੇਲ ਹਵਾਈ ਜਹਾਜ਼ਾਂ ਦੀ ਖੇਪ ਅੰਬਾਲਾ ਤੇ ਹਾਸ਼ੀਮਾਰਾ ਏਅਰਬੇਸ ਉੱਤੇ ਪੁੱਜੇਗੀ।
ਅਗਲੇ ਦੋ ਤੋਂ ਤਿੰਨ ਸਾਲਾਂ ਅੰਦਰ ਸਾਰੇ 36 ਰਾਫ਼ੇਲ ਜੰਗੀ ਹਵਾਈ ਜਹਾਜ਼ ਭਾਰਤ ਨੂੰ ਮਿਲ ਜਾਣਗੇ। ਇਸ ਦੇ ਨਾਲ ਹੀ ਹਵਾਈ ਫ਼ੌਜ ਦੇ ਸੂਤਰਾਂ ਨੇ ਅਜਿਹੀਆਂ ਮੀਡੀਆ ਰਿਪੋਰਟਾਂ ਨੂੰ ਮੁੱਢੋਂ ਰੱਦ ਕੀਤਾ ਕਿ ਨੇੜ ਭਵਿੱਖ ’ਚ 36 ਹੋਰ ਰਾਫ਼ੇਲ ਖ਼ਰੀਦੇ ਜਾਣੇ ਹਨ।
ਸੂਤਰਾਂ ਨੇ ਦੱਸਿਆ ਕਿ ਹਾਲੇ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ। ਉਂਝ 114 ਜੰਗੀ ਹਵਾਈ ਜਹਾਜ਼ ਖ਼ਰੀਦਣ ਦੀ ਪ੍ਰਕਿਰਿਆ ਵੱਖਰੇ ਤੌਰ ’ਤੇ ਸ਼ੁਰੂ ਕੀਤੀ ਗਈ ਹੈ ਪਰ ਹਾਲੇ ਇਹ ਤੈਅ ਨਹੀਂ ਹੈ ਕਿ ਉਹ ਹਵਾਈ ਜਹਾਜ਼ ਕਿਹੜੇ ਦੇਸ਼ ਤੋਂ ਖ਼ਰੀਦੇ ਜਾਣਗੇ।