ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ 73ਵੇਂ ਆਜ਼ਾਦੀ ਦਿਵਸ ਮੌਕੇ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਅਗਲੇ ਪੰਜ ਸਾਲਾਂ ’ਚ ਦੇਸ਼ 5,000 ਅਰਬ ਡਾਲਰ ਦੀ ਅਰਥ–ਵਿਵਸਥਾ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸ ਰਫ਼ਤਾਰ ਨਾਲ ਭਾਰਤ ਦੀ ਅਰਥ–ਵਿਵਸਥਾ ਦੀ ਰਫ਼ਤਾਰ ਹੈ; ਉਸ ਤੋਂ ਮਾਹਿਰ ਸਹਿਜੇ ਹੀ ਇਹੋ ਅੰਦਾਜ਼ਾ ਲਾ ਰਹੇ ਹਨ ਕਿ ਇਹ ਟੀਚਾ ਛੇਤੀ ਹੀ ਹਾਸਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇਸ਼ ਦੇ ਬੁਨਿਆਦੀ ਢਾਂਚੇ ਉੱਤੇ ਹੁਣ 100 ਲੱਖ ਕਰੋੜ ਰੁਪਏ ਲਾਉਣ ਜਾ ਰਹੀ ਹੈ।
ਲਗਾਤਾਰ 6ਵੇਂ ਆਜ਼ਾਦੀ ਦਿਵਸ ਮੌਕੇ ਦੇਸ਼ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਹੁਣ ਤੱਕ ਆਜ਼ਾਦ ਭਾਰਤ ਵਿੱਚ ਵੀ ਮੁਸਲਿਮ ਔਰਤਾਂ ਇੱਕ ਡਰ ਦੇ ਪਰਛਾਵੇਂ ਹੇਠ ਆਪਣਾ ਜੀਵਨ ਬਤੀਤ ਕਰ ਰਹੀਆਂ ਸਨ। ਹੁਣ ਤਿੰਨ–ਤਲਾਕ ਦੀ ਰਵਾਇਤ ਹਟਣ ਨਾਲ ਉਹ ਬਿਨਾ ਕਿਸੇ ਡਰ ਦੇ ਜੀਵਨ ਜਿਉਂ ਸਕਣਗੀਆਂ।
PM ਸ੍ਰੀ ਮੋਦੀ ਨੇ ਕਿਹਾ ਹੁਣ ਤੱਕ ਦੀਆਂ ਵੱਖੋ–ਵੱਖਰੀਆਂ ਕੇਂਦਰ ਸਰਕਾਰਾਂ ਨੇ ਪਿਛਲੇ 70 ਸਾਲਾਂ ਦੌਰਾਨ ਕਸ਼ਮੀਰ ਮਾਮਲਾ ਹੱਲ ਕਰਨ ਦਾ ਜਤਨ ਕੀਤਾ ਪਰ ਕੋਈ ਨਤੀਜਾ ਨਹੀਂ ਨਿੱਕਲਿਆ; ਇਸੇ ਲਈ ਨਵੇਂ ਤਰੀਕੇ ਦੀ ਲੋੜ ਸੀ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਜਿਹੜੇ ਲੋਕ ਧਾਰਾ–370 ਦੀ ਵਕਾਲਤ ਕਰ ਰਹੇ ਹਨ; ਦੇਸ਼ ਉਨ੍ਹਾਂ ਤੋਂ ਪੁੱਛ ਰਿਹਾ ਹੈ ਕਿ ਜੇ ਇਹ ਇੰਨਾ ਅਹਿਮ ਸੀ, ਤਾਂ ਇਸ ਨੂੰ ਤੁਸੀਂ ਸਥਾਈ ਕਿਉਂ ਕੀਤਾ, ਅਸਥਾਈ ਕਿਉਂ ਬਣਾ ਕੇ ਰੱਖਿਆ।
ਸ੍ਰੀ ਮੋਦੀ ਨੇ ਕਿਹਾ ਕਿ ਸਮੱਸਿਆਵਾਂ ਦਾ ਜਦੋਂ ਹੱਲ ਹੁੰਦਾ ਹੈ, ਤਾਂ ਆਤਮ–ਨਿਰਭਰਤਾ ਪੈਦਾ ਹੁੰਦੀ ਹੈ ਤੇ ਮਸਲੇ ਦਾ ਹੱਲ ਹੋਣ ਨਾਲ ਆਤਮ–ਨਿਰਭਰਤਾ ਵੱਲ ਰਫ਼ਤਾਰ ਵਧਦੀ ਹੈ। ਜਦੋਂ ਆਤਮ–ਨਿਰਭਰਤਾ ਉਜਾਗਰ ਹੁੰਦੀ ਹੈ, ਤਾਂ ਸਵੈ–ਮਾਣ ਵੀ ਉੱਚਾ ਹੁੰਦਾ ਹੈ।
ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰੀ ਝੰਡਾ ਲਹਿਰਾਇਆ। ਸਫ਼ੇਦ ਕੁੜਤਾ ਤੇ ਚੂੜੀਦਾਰ ਪਜਾਮਾ ਤੇ ਤਿੰਨ ਰੰਗਾਂ ਵਾਲੀ ਪੱਗ ਬੰਨ੍ਹ ਕੇ ਸ੍ਰੀ ਮੋਦੀ ਜਦੋਂ ਸਮਾਰੋਹ ਵਾਲੀ ਥਾਂ ਉੱਤੇ ਪੁੱਜੇ, ਤਾਂ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਉਨ੍ਹਾਂ ਦਾ ਸੁਆਗਤ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸਲਾਮੀ ਗਾਰਦ ਦਾ ਨਿਰੀਖਣ ਕੀਤਾ।
ਲਾਲ ਕਿਲੇ 'ਤੇ ਪੁੱਜਣ ਤੋਂ ਪਹਿਲਾਂ ਸ੍ਰੀ ਮੋਦੀ ਰਾਜਘਾਟ ਗਏ ਤੇ ਉੱਥੇ ਰਾਸ਼ਟਰ–ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।