ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਕਦੇ ਵੀ ਹਮਲਾਵਰ ਨਹੀਂ ਰਿਹਾ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਆਪਣੀ ਰੱਖਿਆ ਕਰਨ ਲਈ ਆਪਣੀ ਤਾਕਤ ਦਾ ਇਸਤੇਮਾਲ ਕਰਨ ਤੋਂ ਸੰਕੋਚ ਕਰੇਗਾ।
ਉਨ੍ਹਾਂ ਨੇ ਇਹ ਟਿੱਪਣੀ ਕਸ਼ਮੀਰ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਵੱਧ ਰਹੇ ਤਣਾਅ ਦੇ ਪਿਛੋਕੜ ਵਿੱਚ ਸਿਓਲ ਵਿੱਚ ਹੋਈ ਰੱਖਿਆ ਗੱਲਬਾਤ ਵਿੱਚ ਕੀਤੀ।
ਸਿੰਘ ਨੇ ਦੱਖਣੀ ਕੋਰੀਆ ਦੇ ਉੱਚ ਸੈਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕਿਹਾ ਕਿ ਭਾਰਤ ਦੇ ਇਤਿਹਾਸ ਨੂੰ ਵੇਖੇ ਤਾਂ ਉਹ ਕਦੇ ਹਮਲਾਵਰ ਨਹੀਂ ਹੋਇਆ ਅਤੇ ਨਾ ਹੀ ਹੋਵੇਗਾ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਆਪਣੀ ਰੱਖਿਆ ਲਈ ਆਪਣੀ ਤਾਕਤ ਦੀ ਵਰਤੋਂ ਕਰਨ ਤੋਂ ਟਾਮ ਮਟੋਲ ਕਰੇਗਾ।
ਰੱਖਿਆ ਮੰਤਰੀ ਤਿੰਨ ਦਿਨਾਂ ਦੌਰੇ ‘ਤੇ ਬੁੱਧਵਾਰ ਨੂੰ ਦੱਖਣੀ ਕੋਰੀਆ ਪਹੁੰਚੇ ਸਨ। ਉਨ੍ਹਾਂ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ। ਉਨ੍ਹਾਂ ਕਿਹਾ ਕਿ ਰੱਖਿਆ ਕੂਟਨੀਤੀ ਭਾਰਤ ਦੀ ਰਣਨੀਤੀ ਨੀਤੀ ਦਾ ਇੱਕ ਮਹੱਤਵਪੂਰਨ ਥੰਮ ਹੈ। ਦਰਅਸਲ, ਰੱਖਿਆ ਕੂਟਨੀਤੀ ਅਤੇ ਇੱਕ ਮਜ਼ਬੂਤ ਸੈਨਿਕ ਸ਼ਕਤੀ ਹੋਣਾ ਇਕੋ ਸਿੱਕੇ ਦੇ ਦੋ ਪਹਿਲੂ ਹਨ। ਉਹ ਨਾਲ ਨਾਲ ਚੱਲਦੇ ਹਨ।