ਇੱਕ ਪਾਸੇ ਜਿੱਥੇ ਪੂਰੀ ਦੁਨੀਆ ਕੋਰੋਨਾ ਵਾਇਰਸ ਤੋਂ ਪ੍ਰੇਸ਼ਾਨ ਹੈ ਅਤੇ ਖੁਦ ਪਾਕਿਸਤਾਨ ਵੀ ਇਸ ਜਾਨਲੇਵਾ ਵਾਇਰਸ ਦੀ ਲਪੇਟ 'ਚ ਹੈ, ਉੱਥੇ ਇਨ੍ਹਾਂ ਹਾਲਾਤ 'ਚ ਵੀ ਪਾਕਿਸਤਾਨ ਦੀ ਨਾਪਾਕ ਹਰਕਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਪਾਕਿਸਤਾਨ ਲਗਾਤਾਰ ਜੰਮੂ-ਕਸ਼ਮੀਰ ਦੇ ਰਸਤਿਉਂ ਭਾਰਤ 'ਚ ਘੁਸਪੈਠ ਕਰਨ ਦੀ ਸਾਜਿਸ਼ ਰਚ ਰਿਹਾ ਹੈ। ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਕੇਰਨ ਸੈਕਟਰ 'ਚ ਪਾਕਿਸਤਾਨ ਦੀ ਤਰਫੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਭਾਰਤੀ ਫ਼ੌਜ ਨੇ ਪਾਕਿਸਤਾਨ ਦੀ ਇਸ ਗੋਲਾਬਾਰੀ ਦਾ ਕਰਾਰਾ ਜਵਾਬ ਦਿੱਤਾ।
ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਰੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਕੁਪਵਾੜਾ ਜ਼ਿਲ੍ਹੇ ਦੇ ਕੇਰਨ ਸੈਕਟਰ 'ਚ ਪਾਕਿਸਤਾਨ ਵੱਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਦੇ ਜਵਾਬ ਵਿੱਚ ਕਾਰਵਾਈ ਕੀਤੀ। ਇਸ ਦੌਰਾਨ ਫ਼ੌਜ ਦੇ ਜਵਾਨਾਂ ਨੇ ਅੱਤਵਾਦੀ ਲਾਂਚ ਪੈਡ ਨੂੰ ਨਿਸ਼ਾਨਾ ਬਣਾਇਆ। ਇਸ ਜਵਾਬੀ ਕਾਰਵਾਈ 'ਚ ਪਾਕਿਸਤਾਨੀ ਸਰਹੱਦ 'ਚ ਸਥਿਤ ਦੁਸ਼ਮਣਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਭਾਰਤੀ ਫ਼ੌਜ ਵੱਲੋਂ ਕੀਤੀ ਗਈ ਇਸ ਜਵਾਬੀ ਕਾਰਵਾਈ ਦਾ ਵੀਡੀਓ ਵੀ ਇੱਕ ਡਰੋਨ ਰਾਹੀਂ ਰਿਕਾਰਡ ਕੀਤਾ ਗਿਆ ਸੀ। ਨਿਊਜ਼ ਏਜੰਸੀ ਏਐਨਆਈ ਨੇ ਭਾਰਤੀ ਸੈਨਾ ਦੇ ਹਵਾਲੇ ਨਾਲ ਇਹ ਵੀਡੀਓ ਜਾਰੀ ਕੀਤੀ ਹੈ। ਸੂਤਰਾਂ ਮੁਤਾਬਿਕ ਭਾਰਤੀ ਫ਼ੌਜ ਨੇ ਕੁਪਵਾੜਾ ਵਿੱਚ ਕੰਟਰੋਲ ਰੇਖਾ ਦੇ ਦੂਜੇ ਪਾਸੇ ਅੱਤਵਾਦੀ ਲਾਂਚ ਪੈਡ ਅਤੇ ਅਸਲੇ ਦਾ ਇੱਕ ਵੱਡਾ ਭੰਡਾਰ ਤਬਾਹ ਕਰ ਦਿੱਤਾ ਹੈ।
ਭਾਰਤੀ ਖੁਫੀਆ ਏਜੰਸੀਆਂ ਦੀ ਰਿਪੋਰਟ ਹੈ ਕਿ ਸਰਹੱਦ ਨਾਲ ਲਗਦੇ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜ਼ਾਹਿਦੀਨ ਦੇ 230 ਅੱਤਵਾਦੀ ਲਾਂਚ ਪੈਡ 'ਤੇ ਬੈਠੇ ਹਨ ਤਾਂਕਿ ਸਹੀ ਮੌਕਾ ਮਿਲਣ 'ਤੇ ਉਹ ਸਰਹੱਦ ਪਾਰ ਕਰ ਸਕਣ।
ਦੱਸ ਦੇਈਏ ਕਿ ਜੰਮੂ-ਕਸ਼ਮੀਰ 'ਚ ਵੀ ਕੋਰੋਨਾ ਦੇ 158 ਮਰੀਜ਼ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 4 ਦੀ ਮੌਤ ਵੀ ਹੋ ਗਈ ਹੈ। ਇਸ ਸਮੇਂ ਸੂਬੇ 'ਚ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਜਵਾਨ ਲੌਕਡਾਊਨ, ਜਾਂਚ, ਕੁਆਰੰਟੀਨ, ਇਲਾਜ ਵਰਗੇ ਕੰਮਾਂ 'ਚ ਪ੍ਰਸ਼ਾਸਨ ਦੀ ਮਦਦ ਕਰ ਰਹੇ ਹਨ। ਪਾਕਿਸਤਾਨ 'ਚ ਕੋਰੋਨਾ ਵਾਇਰਸ ਦੇ ਹੁਣ ਤਕ 4414 ਮਰੀਜ਼ ਪਾਏ ਗਏ ਹਨ ਅਤੇ 63 ਦੀ ਮੌਤ ਹੋ ਚੁੱਕੀ ਹੈ।