ਹੁਣ ਭਾਰਤ ਦੀ ਥਲ ਸੈਨਾ ਨੂੰ ਵੀ ਅਪਾਚੇ ਹੈਲੀਕਾਪਟਰ ਮਿਲਣਗੇ। ਇੰਝ ਥਲ ਸੈਨਾ ਸਿਰਫ਼ ਜ਼ਮੀਨੀ ਜੰਗ ਵਿੱਚ ਹੀ ਨਹੀਂ, ਸਗੋਂ ਹਵਾਈ ਜੰਗ ਦੀ ਸਮਰੱਥਾ ਨਾਲ ਵੀ ਲੈਸ ਹੋਵੇਗੀ। ਕੇਂਦਰ ਸਰਕਾਰ ਹੁਣ ਦੇਸ਼ ਦੀ ਥਲ ਸੈਨਾ ਲਈ ਦੁਨੀਆ ਦੇ ਬਹੁਤ ਘਾਤਕ ਅਪਾਚੇ ਜੰਗੀ ਹੈਲੀਕਾਪਟਰਾਂ ਦੀ ਖ਼ਰੀਦ ਨੂੰ ਮਨਜ਼ੂਰੀ ਦੇਣ ਦੀਆਂ ਤਿਆਰੀਆਂ ’ਚ ਹੈ।
ਅਗਲੇ ਮਹੀਨੇ ਭਾਵ ਜਨਵਰੀ 2020 ’ਚ ਅਮਰੀਕਾ ਤੋਂ ਅਪਾਚੇ ਹੈਲੀਕਾਪਟਰਾਂ ਦੀ ਖ਼ਰੀਦ ਨੂੰ ਰੱਖਿਆ ਖ਼ਰੀਦ ਕੌਂਸਲ ਤੇ ਉਸ ਤੋਂ ਬਾਅਦ ਕੈਬਿਨੇਟ ਦੀ ਰੱਖਿਆ ਮਾਮਲਿਆਂ ਬਾਰੇ ਕਮੇਟੀ ਦੀ ਪ੍ਰਵਾਨਗੀ ਮਿਲਣ ਦੇ ਆਸਾਰ ਹਨ। ਇੱਥੇ ਵਰਨਣਯੋਗ ਹੈ ਕਿ ਇਸੇ ਵਰ੍ਹੇ ਸਤੰਬਰ ’ਚ ਅਪਾਚੇ ਭਾਰਤੀ ਹਵਾਈ ਫ਼ੌਜ ਦੇ ਬੇੜੇ ਵਿੱਚ ਸ਼ਾਮਲ ਹੋਇਆ ਹੈ।
ਹੁਣ ਅਪਾਚੇ ਹੈਲੀਕਾਪਟਰਾਂ ਦੀ ਇਹ ਨਵੀਂ ਖ਼ਰੀਦ ਖ਼ਾਸ ਤੌਰ ’ਤੇ ਥਲ ਸੈਨਾ ਲਈ ਹੋਣ ਵਾਲੀ ਹੈ। ਇਸ ਨਾਲ ਫ਼ੌਜ ਦੀ ਹਮਲਾ ਕਰਨ ਦੀ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਵੇਗਾ। ਹਾਲੇ ਫ਼ੌਜ ਹੈਲੀਕਾਪਟਰ ਜਾਂ ਹੋਰ ਕੋਈ ਹਵਾਈ ਜਹਾਜ਼ ਸਿਰਫ਼ ਟਰਾਂਸਪੋਰਟ ਦੇ ਮੰਤਵ ਲਈ ਹੀ ਵਰਤਦੀ ਹੈ। ਫ਼ੌਜੀ ਕਾਰਵਾਈ ਲਈ ਉਹ ਹੁਣ ਤੱਕ ਹਵਾਈ ਫ਼ੌਜ ’ਤੇ ਹੀ ਨਿਰਭਰ ਰਹਿੰਦੀ ਰਹੀ ਹੈ।
ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਸਰਕਾਰ ਥਲ ਸੈਨਾ ਨੂੰ ਜੰਗੀ ਸਮਰੱਥਾ ਵਾਲੇ ਹੈਲੀਕਾਪਟਰ ਦੇਵੇਗੀ। ਅਪਾਚੇ ਹੈਲੀਕਾਪਟਰ ਰਾਤ ਸਮੇਂ ਅੰਜਾਮ ਦਿੱਤੀਆਂ ਜਾਣ ਵਾਲੀਆਂ ਕਾਰਵਾਈਆਂ ਤੇ ਉੱਚੇ ਪਹਾੜਾਂ ’ਚ ਵੀ ਉਡਾਣਾਂ ਭਰਨ ਦੇ ਸਮਰੱਥ ਹੈ। ਇਨ੍ਹਾਂ ਹੈਲੀਕਾਪਟਰਾਂ ਵਿੱਚ ਅਤਿ–ਆਧੁਨਿਕ ਹਥਿਆਰ ਵੀ ਫ਼ਿੱਟ ਹਨ।
ਕਸ਼ਮੀਰ ’ਚ ਉੱਚੇ ਪਹਾੜਾਂ ਰਾਹੀਂ ਹੋਣ ਵਾਲੀ ਘੁਸਪੈਠ ਰੋਕਣ ਤੇ ਚੀਨ ਦੀ ਸਰਹੱਦ ਉੱਤੇ ਜਵਾਬੀ ਕਾਰਵਾਈ ਲਈ ਇਨ੍ਹਾਂ ਹੈਲੀਕਾਪਟਰਾਂ ਦੀ ਖ਼ਰੀਦ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਇੱਥੇ ਵਰਨਣਯੋਗ ਹੈ ਕਿ ਅਮਰੀਕਾ ਨੇ ਅਪਾਚੇ ਹੈਲੀਕਾਪਟਰਾਂ ਦੀ ਵਰਤੋਂ ਅਫ਼ਗ਼ਾਨਿਸਤਾਨ ਦੇ ਉੱਚੇ ਪਹਾੜਾਂ ਵਿੱਚ ਤਾਲਿਬਾਨ ਅੱਤਵਾਦੀਆਂ ਦਾ ਖ਼ਾਤਮਾ ਕਰਨ ਲਈ ਕੀਤੀ ਸੀ।
ਸੂਤਰਾਂ ਮੁਤਾਬਕ ਭਾਰਤੀ ਥਲ ਸੈਨਾ ਲਈ ਅਪਾਚੇ ਹੈਲੀਕਾਪਟਰ ਖ਼ਰੀਦਣ ਉੱਤੇ ਲਗਭਗ 6,500 ਕਰੋੜ ਰੁਪਏ ਖ਼ਰਚ ਹੋਣਗੇ।