ਭਾਰਤੀ ਥਲ–ਸੈਨਾ ਹੁਣ ਲੋੜ ਪੈਣ ’ਤੇ ਸਿਰਫ਼ ਜ਼ਮੀਨ ’ਤੇ ਹੀ ਜੰਗ ਨਹੀਂ ਲੜ ਸਕੇਗੀ, ਸਗੋਂ ਹਵਾਈ ਜੰਗ ਦੀ ਸਮਰੱਥਾ ਨਾਲ ਵੀ ਲੈਸ ਹੋਵੇਗੀ। ਕੇਂਦਰ ਸਰਕਾਰ ਥਲ ਸੈਨਾ ਨੂੰ ਦੁਨੀਆ ਦੇ ਬੇਹੱਦ ਘਾਤਕ ਅਪਾਚੇ ਜੰਗੀ ਹੈਲੀਕਾਪਟਰਾਂ ਦੀ ਖ਼ਰੀਦ ਨੂੰ ਮਨਜ਼ੂਰੀ ਦੇਣ ਦੀਆਂ ਤਿਆਰੀਆਂ ਕਰ ਰਹੀ ਹੈ।
ਛੇ ਅਪਾਚੇ ਜੰਗੀ ਹੈਲੀਕਾਪਟਰਾਂ ਦੀ ਖ਼ਰੀਦ ਨੂੰ ਰੱਖਿਆ ਖ਼ਰੀਦ ਕੌਂਸਲ ਤੇ ਉਸ ਤੋਂ ਬਾਅਦ ਕੈਬਿਨੇਟ ਦੀ ਸੁਰੱਖਿਆ ਮਾਮਲਿਆਂ ਦੀ ਕਮੇਟੀ ਦੀ ਮਨਜ਼ੂਰੀ ਛੇਤੀ ਮਿਲਣ ਦੇ ਆਸਾਰ ਹਨ। ਹਾਲੇ ਥਲ ਸੈਨਾ ਕੋਲ ਹੈਲੀਕਾਪਟਰ ਜਾਂ ਹੋਰ ਕੋਈ ਹਵਾਈ ਜਹਾਜ਼ ਸਿਰਫ਼ ਟਰਾਂਸਪੋਰਟ ਦੇ ਮੰਤਵ ਨਾਲ ਹੀ ਹੁੰਦਾ ਹੈ।
ਹਵਾਈ ਕਾਰਵਾਈ ਲਈ ਉਹ ਹਵਾਈ ਫ਼ੌਜ ਉੱਤੇ ਹੀ ਨਿਰਭਰ ਰਹਿੰਦੀ ਰਹੀ ਹੈ। ਪਰ ਇਹ ਪਹਿਲੀ ਵਾਰ ਹੋਵੇਗਾ, ਜਦੋਂ ਸਰਕਾਰ ਥਲ ਸੈਨਾ ਨੂੰ ਜੰਗੀ ਸਮਰੱਥਾ ਵਾਲੇ ਹੈਲੀਕਾਪਟਰ ਦੇਵੇਗੀ। ਅਪਾਚੇ ਹੈਲੀਕਾਪਟਰ ਰਾਤ ਦੇ ਆਪਰੇਸ਼ਨ ਤੇ ਉੱਚੇ ਪਹਾੜਾਂ ’ਤੇ ਉਡਾਣਾਂ ਭਰਨ ਦੇ ਸਮਰੱਥ ਹੈ। ਇਨ੍ਹਾਂ ਹੈਲੀਕਾਪਟਰਾਂ ’ਚ ਅਤਿ–ਆਧੁਨਿਕ ਹਥਿਆਰ ਵੀ ਫ਼ਿਟ ਹੁੰਦੇ ਹਨ।
ਕਸ਼ਮੀਰ ਦੇ ਉੱਚੇ ਪਹਾੜਾਂ ਰਾਹੀਂ ਹੋਣ ਵਾਲੀ ਘੁਸਪੈਠ ਰੋਕਣ ਤੇ ਚੀਨ ਦੀ ਸਰਹੱਦ ਉੱਤੇ ਜਵਾਬੀ ਕਾਰਵਾਈ ਲਈ ਇਨ੍ਹਾਂ ਹੈਲੀਕਾਪਟਰਾਂ ਦੀ ਖ਼ਰੀਦ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਅਮਰੀਕਾ ਨੇ ਅਪਾਚੇ ਹੈਲੀਕਾਪਟਰਾਂ ਦੀ ਵਰਤੋਂ ਅਫ਼ਗ਼ਾਨਿਸਤਾਨ ਦੇ ਪਹਾੜਾਂ ਵਿੱਚ ਤਾਲਿਬਾਨ ਦੇ ਸਫ਼ਾਏ ਲਈ ਕੀਤੀ ਸੀ।
ਥਲ ਸੈਨਾ ਆਪਣੀਆਂ ਮੁਹਿੰਮਾਂ ਦੀ ਜ਼ਰੂਰਤ ਮੁਤਾਬਕ ਜੰਗੀ ਹੈਲੀਕਾਪਟਰਾਂ ਦੀ ਵਰਤੋਂ ਕਰ ਸਕੇਗੀ। ਸੂਤਰਾਂ ਅਨੁਸਾਰ ਇਨ੍ਹਾਂ ਹੈਲੀਕਾਪਟਰਾਂ ਦੀ ਖ਼ਰੀਦ ਉੱਤੇ ਲਗਭਗ ਸਾਢੇ ਛੇ ਹਜ਼ਾਰ ਕਰੋੜ ਰੁਪਏ ਦੀ ਰਕਮ ਖ਼ਰਚ ਹੋਵੇਗੀ। ਅਪਾਚੇ ਹੈਲੀਕਾਪਟਰਾਂ ਨੂੰ ਇਸੇ ਵਰ੍ਹੇ ਹਵਾਈ ਫ਼ੌਜ ਵਿੱਚ ਸ਼ਾਮਲ ਕੀਤਾ ਗਿਆ ਹੈ।