ਭਾਰਤੀ ਸਮੁੰਦਰੀ ਫ਼ੌਜ (Indian NAVY) ਦੇ ਜਵਾਨ ਹੁਣ ਨਾ ਤਾਂ ਫ਼ੇਸਬੁੱਕ ਚਲਾ ਸਕਣਗੇ ਤੇ ਨਾ ਹੀ ਉਹ ਸਮੁੰਦਰੀ ਫ਼ੌਜ ਦੇ ਮੁੱਖ ਟਿਕਾਣਿਆਂ, ਡੌਕਯਾਰਡ ਤੇ ਆੱਨ–ਬੋਰਡ ਜੰਗੀ ਬੇੜਿਆਂ ਉੱਤੇ ਸਮਾਰਟ–ਫ਼ੋਨ ਲਿਜਾ ਸਕਣਗੇ। ਸਮੁੰਦਰੀ ਫ਼ੌਜ ਨੇ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਇਹ ਪਾਬੰਦੀ ਲਾਈ ਹੈ।
ਦਰਅਸਲ, ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਬੀਤੇ ਦਿਨੀਂ ਸਮੁੰਦਰੀ ਫ਼ੌਜ ਦੇ 7 ਜਵਾਨਾਂ ਨੂੰ ਸੋਸ਼ਲ ਮੀਡੀਆ ’ਤੇ ਦੁਸ਼ਮਣ ਦੀਆਂ ਖ਼ੁਫ਼ੀਆ ਏਜੰਸੀਆਂ ਨੂੰ ਅਹਿਮ ਤੇ ਸੰਵੇਦਨਸ਼ੀਲ ਸੂਚਨਾਵਾਂ ਲੀਕ ਕਰਦਿਆਂ ਫੜਿਆ ਗਿਆ ਸੀ।
ਕਈ ਵਾਰ ਜਦੋਂ ਜਵਾਨ ਆਪਣੇ ਕਿਸੇ ਅਹਿਮ ਤੇ ਗੁਪਤ ਟਿਕਾਣੇ ਦੀ ਕੋਈ ਤਸਵੀਰ ਸੋਸ਼ਲ ਮੀਡੀਆ ’ਤੇ ਅਪਲੋਡ ਕਰਦਾ ਹੈ, ਤਾਂ ਉੱਥੋਂ ਕਈ ਗੱਲਾਂ ਦੁਸ਼ਮਣ ਨੂੰ ਪਤਾ ਚੱਲ ਜਾਂਦੀਆਂ ਹਨ। ਸ਼ਰਾਰਤੀ ਅਨਸਰ ਸਿਰਫ਼ ਜਵਾਨਾਂ ਦੀਆਂ ਤਸਵੀਰਾਂ ਹੀ ਨਹੀਂ, ਸਗੋਂ ਜਵਾਨਾਂ ਦੇ ਆਲੇ–ਦੁਆਲੇ ਤੇ ਪਿਛਲੇ ਪਾਸੇ ਵਿਖਾਈ ਦੇਣ ਵਾਲੀਆਂ ਚੀਜ਼ਾਂ ਤੇ ਹਾਲਾਤ ਤੋਂ ਹੀ ਕਈ ਤਰ੍ਹਾਂ ਦੇ ਅਨੁਮਾਨ ਲਾ ਲੈਂਦੇ ਹਨ।
ਇੱਥੇ ਵਰਨਣਯੋਗ ਹੈ ਕਿ ਆਂਧਰਾ ਪ੍ਰਦੇਸ਼ ਪੁਲਿਸ ਨੇ ਬੀਤੀ 20 ਦਸੰਬਰ ਨੂੰ ਪਾਕਿਸਤਾਨ ਨਾਲ ਸੰਪਰਕ ਰੱਖਣ ਵਾਲੇ ਕੁਝ ਜਾਸੂਸਾਂ ਦਾ ਪਤਾ ਲਾਇਆ ਸੀ। ਇਸ ਸਬੰਧੀ ਭਾਰਤੀ ਸਮੁੰਦਰੀ ਫ਼ੌਜ ਦੇ ਸੱਤ ਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਪੁਲਿਸ ਦੀ ਖ਼ੁਫੀ਼ਆ ਸ਼ਾਖਾ ਨੇ ਕੇਂਦਰੀ ਖ਼ੁਫ਼ੀਆ ਏਜੰਸੀਆਂ ਤੇ ਸਮੁੰਦਰੀ ਫ਼ੌਜ ਦੇ ਖ਼ੁਫ਼ੀਆ ਵਿਭਾਗ ਨਾਲ ਮਿਲ ਕੇ ‘ਆਪਰੇਸ਼ਨ ਡੌਲਫ਼ਿਨਜ਼ ਨੋਜ਼’ ਚਲਾਇਆ ਸੀ ਤੇ ਤਦ ਜਾ ਕੇ ਇਨ੍ਹਾਂ ਕਥਿਤ ਜਾਸੂਸਾਂ ਦਾ ਪਰਦਾਫ਼ਾਸ਼ ਕੀਤਾ ਸੀ।
ਦੁਸ਼ਮਣ ਦੇਸ਼ ਅਜਿਹੇ ਕੁਝ ਗ਼ੱਦਾਰਾਂ ਦੀ ਸਦਾ ਭਾਲ਼ ’ਚ ਰਹਿੰਦਾ ਹੈ, ਜਿਹੜੇ ਆਪਣੇ ਦੇਸ਼ ਦੇ ਕੁਝ ਅਹਿਮ ਟਿਕਾਣਿਆਂ ਦੇ ਗੁਪਤ ਭੇਤ ਉਸ ਤੱਕ ਪਹੁੰਚਾ ਸਕਣ। ਇਸ ਲਈ ਉਹ ਉਨ੍ਹਾਂ ਨੂੰ ਮੋਟੀਆਂ ਰਕਮਾਂ ਵੀ ਅਦਾ ਕਰਦਾ ਹੈ। ਕੁਝ ਟੁੱਕੜਾਂ ਦੇ ਲਾਲਚ ਵਿੱਚ ਇਹ ਸਭ ਕੀਤਾ ਜਾਂਦਾ ਹੈ।