ਕੋਰੋਨਾ ਵਾਇਰਸ ਸੰਕਟ ਤੇ ਲੌਕਡਾਊਨ ਕਾਰਨ ਬੰਦ ਪਈਆਂ ਰੇਲ ਸੇਵਾਵਾਂ ਨੂੰ ਭਾਰਤੀ ਰੇਲਵੇ ਲੜੀਵਾਰ ਤਰੀਕੇ ਨਾਲ ਸ਼ੁਰੂ ਕਰ ਰਹੀ ਹੈ। ਦੇਸ਼ 'ਚ ਜਾਰੀ ਕੋਰੋਨਾ ਸੰਕਟ ਵਿਚਕਾਰ ਭਾਰਤੀ ਰੇਲਵੇ ਨੇ ਸ਼ਰਮਿਕ ਟਰੇਨਾਂ ਤੋਂ ਇਲਾਵਾ 1 ਜੂਨ ਤੋਂ 200 ਟਰੇਨਾਂ ਨੂੰ ਚਲਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਦੀ ਬੁਕਿੰਗ ਅੱਜ ਤੋਂ ਆਨਲਾਈਨ ਸ਼ੁਰੂ ਹੋ ਗਈ ਹੈ।
ਸ਼ਰਮਿਕ ਸਪੈਸ਼ਲ ਅਤੇ ਏਅਰਕੰਡੀਸ਼ਨਡ ਰਾਜਧਾਨੀ ਸਪੈਸ਼ਲ ਟਰੇਨਾਂ ਚਲਾਉਣ ਤੋਂ ਬਾਅਦ 1 ਜੂਨ ਤੋਂ ਗ਼ੈਰ-ਏਅਰ ਕੰਡੀਸ਼ਨਡ ਸਪੈਸ਼ਲ ਟਰੇਨਾਂ ਵੀ ਪਟੜੀ 'ਤੇ ਦੌੜਨੀਆਂ ਸ਼ੁਰੂ ਹੋ ਜਾਣਗੀਆਂ। ਇਨ੍ਹਾਂ ਰੇਲ ਗੱਡੀਆਂ ਦੀ ਟਿਕਟਾਂ ਦੀ ਬੁਕਿੰਗ 21 ਮਈ ਮਤਲਬ ਅੱਜ ਸਵੇਰੇ 10 ਵਜੇ ਸ਼ੁਰੂ ਹੋ ਗਈ। ਪਹਿਲਾਂ ਰੇਲਵੇ ਨੇ ਸਿਰਫ਼ ਨਾਨ-ਏਸੀ ਰੇਲ ਗੱਡੀਆਂ ਚਲਾਉਣ ਦੀ ਗੱਲ ਕੀਤੀ ਸੀ, ਪਰ ਹੁਣ ਇਨ੍ਹਾਂ ਟਰੇਨਾਂ ਵਿੱਚ ਏ.ਸੀ. ਤੇ ਜਨਰਲ ਕੋਚ ਵੀ ਹੋਣਗੇ।
Indian Railways will start operations of 200 passenger train services. These trains shall run from 1st June and booking of all these trains will commence from 10 am on 21st May: Government of India
— ANI (@ANI) May 20, 2020
ਰੇਲਵੇ ਨੇ ਕਿਹਾ ਹੈ ਕਿ ਇਹ ਰੇਲ ਗੱਡੀਆਂ ਪੂਰੀ ਤਰ੍ਹਾਂ ਰਾਖਵੀਆਂ ਰਹਿਣਗੀਆਂ, ਜਿਨ੍ਹਾਂ 'ਚ ਏ.ਸੀ. ਅਤੇ ਗ਼ੈਰ-ਏ.ਸੀ. ਸ਼੍ਰੇਣੀਆਂ ਹੋਣਗੀਆਂ। ਆਮ ਕੋਚਾਂ 'ਚ ਬੈਠਣ ਲਈ ਵੀ ਰਾਖਵੀਂਆਂ ਸੀਟਾਂ ਹੋਣਗੀਆਂ। ਰੇਲਵੇ ਨੇ 1 ਜੂਨ ਤੋਂ ਚੱਲਣ ਵਾਲੀਆਂ 200 ਟਰੇਨਾਂ ਦੀ ਸੂਚੀ ਜਾਰੀ ਕੀਤੀ ਹੈ।
ਦਰਅਸਲ, ਰੇਲਵੇ ਲੌਕਡਾਊਨ ਵਿਚਕਾਰ ਹੌਲੀ-ਹੌਲੀ ਯਾਤਰੀ ਸੇਵਾਵਾਂ ਦੀ ਬਹਾਲੀ ਵੱਲ ਵੱਧ ਰਿਹਾ ਹੈ। ਸ਼ਰਮਿਕ ਸਪੈਸ਼ਲ ਤੇ ਰਾਜਧਾਨੀ ਸਪੈਸ਼ਲ ਰੇਲ ਗੱਡੀਆਂ ਚਲਾਉਣ ਤੋਂ ਬਾਅਦ 1 ਜੂਨ ਤੋਂ ਨਾਨ-ਏਅਰਕੰਡੀਸ਼ਨਡ ਸਪੈਸ਼ਲ ਟਰੇਨਾਂ ਵੀ ਚੱਲਣ ਜਾ ਰਹੀਆਂ ਹਨ। ਇਸ ਦੇ ਨਾਲ ਹੀ ਇੱਕ ਵਿਸ਼ੇਸ਼ ਸ਼ਤਾਬਦੀ ਰੇਲ ਗੱਡੀ ਚਲਾਉਣ ਦੀ ਤਿਆਰੀ ਵੀ ਚੱਲ ਰਹੀ ਹੈ। ਲੌਕਡਾਊਨ 'ਚ ਵੱਧ ਰਹੀ ਰਿਆਇਤ ਦੇ ਨਾਲ ਯਾਤਰੀਆਂ ਦਾ ਦਬਾਅ ਵੀ ਵਧਣ ਲੱਗਾ ਹੈ। ਇਸ ਦੇ ਮੱਦੇਨਜ਼ਰ ਘੱਟ ਦੂਰੀ ਦੀਆਂ ਸ਼ਤਾਬਦੀ ਟਰੇਨਾਂ ਤੇ ਹੋਰ ਯਾਤਰੀ ਰੇਲ ਗੱਡੀਆਂ ਦੇ ਸੰਚਾਲਨ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਜੂਨ 'ਚ ਵੱਧ ਵਿਸ਼ੇਸ਼ ਰੇਲ ਗੱਡੀਆਂ ਚਲਾਉਣ 'ਤੇ ਜ਼ੋਰ ਦਿੱਤਾ ਜਾਵੇਗਾ। ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਨਿਯਮਿਤ ਰੇਲ ਗੱਡੀਆਂ ਚੱਲਣ ਦੀ ਸੰਭਾਵਨਾ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਸ਼ਾਮ ਨੂੰ ਰੇਲਵੇ ਨੇ ਟਵੀਟ ਕਰਕੇ 1 ਜੂਨ ਤੋਂ ਇਨ੍ਹਾਂ ਰੇਲ ਗੱਡੀਆਂ ਨੂੰ ਚਲਾਉਣ ਬਾਰੇ ਜਾਣਕਾਰੀ ਦਿੱਤੀ ਸੀ। ਰੇਲਵੇ ਨੇ ਟਵੀਟ ਕਰਕੇ ਕਿਹਾ ਸੀ ਕਿ ਲੇਬਰ ਸਪੈਸ਼ਲ ਗੱਡੀਆਂ ਤੋਂ ਇਲਾਵਾ ਭਾਰਤੀ ਰੇਲਵੇ 1 ਜੂਨ ਤੋਂ ਰੋਜ਼ਾਨਾ 200 ਵਾਧੂ ਟਾਈਮ ਟੇਬਲ ਟਰੇਨਾਂ ਚਲਾਉਣ ਜਾ ਰਿਹਾ ਹੈ ਜੋ ਕਿ ਗੈਰ-ਏਅਰਕੰਡੀਸ਼ਨਡ ਦੂਜੀ ਸ਼੍ਰੇਣੀ ਦੀਆਂ ਰੇਲ ਗੱਡੀਆਂ ਹੋਣਗੀਆਂ ਅਤੇ ਇਨ੍ਹਾਂ ਰੇਲ ਗੱਡੀਆਂ ਦੀ ਬੁਕਿੰਗ ਆਨਲਾਈਨ ਹੀ ਉਪਲੱਬਧ ਹੋਵੇਗੀ।
ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਟਵੀਟ ਕੀਤਾ, "ਰੇਲਵੇ 1 ਜੂਨ ਤੋਂ 200 ਨਾਨ ਏਸੀ ਰੇਲ ਗੱਡੀਆਂ ਸ਼ੁਰੂ ਕਰੇਗੀ, ਜੋ ਸਮਾਂ ਸਾਰਣੀ ਅਨੁਸਾਰ ਚੱਲਣਗੀਆਂ। ਯਾਤਰੀ ਸਿਰਫ਼ ਇਨ੍ਹਾਂ ਰੇਲ ਗੱਡੀਆਂ ਲਈ ਹੀ ਟਿਕਟਾਂ ਟਿਕਟ ਬੁੱਕ ਕਰ ਸਕਣਗੇ। ਇਨ੍ਹਾਂ ਸੇਵਾਵਾਂ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ ਮੰਜ਼ਲਾਂ ਤਕ ਪਹੁੰਚਣ 'ਚ ਸਹੂਲਤ ਮਿਲੇਗੀ।"