ਆਮ ਆਦਮੀ ਲਈ ਸਸਤੇ ਕਿਰਾਏ ਦੀ ਸਹੂਲਤ ਨਾਲ ਸ਼ੁਰੂ ਕੀਤੇ ਗਏ ਗਰੀਬ ਰੱਥ ਐਕਸਪ੍ਰੈਸ ਦੇ ਕਿਰਾਏ ਵਿਚ ਵਾਧਾ ਹੋਣ ਨਾਲ ਹੁਣ ਆਮ ਆਦਮੀ ਨੂੰ ਝਟਕਾ ਲਗ ਸਕਦਾ ਹੈ। ਗਰੀਬ ਰੱਥ ਦੀਆਂ ਟਿਕਟਾਂ ਵਿਚ ਬੈਡਰੋਲ ਦੀ ਕੀਮਤ ਛੇਤੀ ਹੀ ਜੋੜੀ ਜਾ ਸਕਦੀ ਹੈ। ਰੇਲਵੇ ਵਲੋਂ ਇਕ ਦਹਾਕਾ ਪਹਿਲਾਂ ਤੈਅ ਹੋਏ ਬੈਡਰੋਲ ਦੇ 25 ਰੁਪਏ ਕਿਰਾਏ ਨੂੰ ਵੀ ਵਧਾਉਣ ਉਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਕਿਰਾਏ ਵਿਚ ਕਾਫੀ ਵਾਧਾ ਹੋ ਸਕਦਾ ਹੈ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਮੁਤਾਬਕ ਅਗਲੇ ਛੇ ਮਹੀਨਿਆਂ ਦੇ ਅੰਦਰ ਇਹ ਕਦਮ ਚੁੱਕਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਕੱਪੜੇ ਦੇ ਰਖ ਰਖਾਵ ਦੀ ਲਾਗਤ ਵਿਚ ਵਾਧਾ ਹੋਣ ਨਾਲ ਇਹ ਸਮੀਖਿਆ ਦੂਜੀਆਂ ਗੱਡੀਆਂ ਵਿਚ ਵੀ ਲਾਗੂ ਹੋ ਸਕਦੀ ਹੈ। ਗਰੀਬ ਰੱਥ ਗੱਡੀਆਂ ਦੀ ਤਰ੍ਹਾਂ ਦੂਜੀਆਂ ਗੱਡੀਆਂ ਵਿਚ ਵੀ ਬੈਡਰੋਲ ਦੀਆਂ ਕੀਮਤਾਂ ਵਿਚ ਇਕ ਦਹਾਕੇ ਤੋਂ ਕੋਈ ਵਾਧਾ ਨਹੀਂ ਹੋਇਆ। ਡਿਪਟੀ ਕੰਟਰੋਲਰ ਅਤੇ ਮਹਾ ਲੇਖਾ ਪ੍ਰੀਖਿਅਕ (ਸੀਏਜੀ) ਦੇ ਦਫਤਰ ਤੋਂ ਇਕ ਨੋਟ ਆਉਣ ਬਾਅਦ ਇਹ ਵਿਚਾਰ ਕੀਤਾ ਜਾ ਰਿਹਾ ਹੈ।
ਇਸ ਨੋਟ ਵਿਚ ਪੁੱਛਿਆ ਗਿਆ ਸੀ ਕਿ ਗਰੀਬ ਰੱਥ ਵਿਚ ਕਿਰਾਏ ਦੀ ਪੁਨਰ ਸਮੀਖਿਆ ਕਿਉਂ ਨਹੀਂ ਕੀਤੀ ਗਈ ਅਤੇ ਸਿਫਾਰਸ਼ ਕੀਤੀ ਗਈ ਹੈ ਕਿ ਬੈਡਰੋਲ ਦੀ ਲਾਗਤ ਨੂੰ ਗੱਡੀ ਦੇ ਕਿਰਾਏ ਵਿਚ ਸ਼ਾਮਲ ਕੀਤਾ ਜਾਵੇ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਨੋਟ ਮਿਲਿਆ ਹੈ ਅਤੇ ਸਮੀਖਿਆ ਕੀਤੀ ਜਾ ਰਹੀ ਹੈ। ਹਾਲਾਂਕਿ ਜੋ ਵੀ ਕਿਰਾਇਆ ਵਧਾਇਆ ਜਾਵੇਗਾ ਉਹ ਹਮੇਸ਼ਾਂ ਲਈ ਨਹੀਂ ਹੋਵੇਗਾ, ਕਿਰਾਏ ਵਿਚ ਸਮੇਂ ਅਨੁਸਾਰ ਬਦਲਾਅ ਵੀ ਹੋ ਸਕਦਾ ਹੈ।