ਅਜ਼ਾਦੀ ਤੋਂ ਬਾਅਦ ਭਾਰਤ ਦੀ ਪਹਿਲੀ ਮਹਿਲਾ ਆਈਏਐਸ ਅਧਿਕਾਰੀ ਅੰਨਾ ਰਜ਼ਮ ਮਲਹੋਤਰਾ ਦੀ ਅੰਧੇਰੀ ਸਥਿਤ ਆਪਣੇ ਨਿਵਾਸ ਵਿਖੇ ਸੋਮਵਾਰ ਨੂੰ ਮੌਤ ਹੋ ਗਈ। ਉਹ 91 ਸਾਲਾਂ ਦੀ ਸੀ. ਨਿਊਜ਼ ਏਜੰਸੀ ਭਾਸ਼ਾ ਅਨੁਸਾਰ, ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਹ ਜੁਲਾਈ 1927 ਵਿੱਚ ਕੇਰਲ ਦੇ ਏਰਨਾਕੂਲਮ ਜ਼ਿਲੇ ਵਿਚ ਪੈਦਾ ਹੋਈ ਸੀ ਅਤੇ ਉਸ ਸਮੇਂ ਉਨ੍ਹਾਂ ਦਾ ਨਾਂ ਅੰਨਾ ਰਾਜਾਮ ਜੋਰਜ ਸੀ। ਕੋਜ਼ੀਕੋਡ 'ਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਮਦਰਾਸ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਚੇਨਈ ਆਏ। ਮਲਹੋਤਰਾ ਨੇ 1951 ਵਿੱਚ ਭਾਰਤੀ ਸਿਵਲ ਸੇਵਾ 'ਚ ਸ਼ਾਮਲ ਹੋ ਕੇ ਮਦਰਾਸ ਕੈਡਰ ਨੂੰ ਚੁਣਿਆ ਤੇ ਉਸ ਸਮੇਂ ਦੇ ਮੁੱਖ ਮੰਤਰੀ ਰਾਜਗੋਪਾਲਾਚਾਰੀ ਦੀ ਅਗਵਾਈ ਹੇਠ ਮਦਰਾਸ ਰਾਜ ਵਿੱਚ ਸੇਵਾ ਕੀਤੀ।
ਉਨ੍ਹਾਂ ਦਾ ਵਿਆਹ ਆਰ.ਐਨ. ਮਲਹੋਤਰਾ ਨਾਲ ਹੋਇਆ. ਜੋ 1985 ਤੋਂ ਲੈ ਕੇ 1990 ਤਕ ਭਾਰਤੀ ਰਿਜ਼ਰਵ ਬੈਂਕ ਦਾ ਗਵਰਨਰ ਸਨ। ਉਹ ਮੁੰਬਈ ਦੇ ਨੇੜੇ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ (ਜੇਐੱਨਪੀਟੀ) ਦੇ ਆਧੁਨਿਕ ਬੰਦਰਗਾਹ ਦੀ ਸਥਾਪਨਾ ਵਿੱਚ ਆਪਣੇ ਯੋਗਦਾਨ ਲਈ ਜਾਣੇ ਜਾਂਦੇ ਹਨ। 1989 'ਚ ਉਨ੍ਹਾਂ ਨੂੰ ਪਦਮ ਭੂਸ਼ਨ ਨਾਲ ਸਨਮਾਨਿਆ ਗਿਆ ਸੀ।
ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਮਲਹੋਤਰਾ ਨੇ ਤਾਮਿਲਨਾਡੂ ਦੇ ਸੱਤ ਮੁੱਖ ਮੰਤਰੀਆਂ ਦੇ ਅਧੀਨ ਕੰਮ ਕੀਤਾ ਸੀ। ਰਿਟਾਇਰਮੈਂਟ ਤੋਂ ਬਾਅਦ ਉਹ ਹੋਟਲ ਲੀਲਾ ਵੈਂਚਰ ਲਿਮਿਟੇਡ ਦੇ ਡਾਇਰੈਕਟਰ ਦੇ ਤੌਰ ਤੇ ਕੰਮ ਕਰ ਰਹੇ ਸੀ।