ਪੂਰਬੀ ਲਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਕਈ ਵਿਵਾਦਗ੍ਰਸਤ ਖੇਤਰਾਂ ’ਚ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਤਣਾਅ ਘਟਣ ਦਾ ਨਾਂਅ ਨਹੀਂ ਲੈ ਰਿਹਾ। ਦੋਵੇਂ ਫ਼ੌਜਾਂ ਇਸ ਵੇਲੇ ਆਹਮੋ–ਸਾਹਮਣੇ ਦੀ ਸਥਿਤੀ ’ਚ ਹਨ, ਜਿਸ ਕਾਰਨ ਖ਼ਦਸ਼ਾ ਕੁਝ ਅਜਿਹਾ ਬਣਿਆ ਹੋਇਆ ਹੈ ਕਿ ਸਾਲ 2017 ’ਚ ਡੋਕਲਾਮ ਤੋਂ ਬਾਅਦ ਇਹ ਸਭ ਤੋਂ ਵੱਡਾ ਫ਼ੌਜੀ ਟਕਰਾਅ ਹੋ ਸਕਦਾ ਹੈ।
ਉੱਚ ਫ਼ੌਜੀ ਸੂਤਰਾਂ ਨੇ ਦੱਸਿਆ ਕਿ ਭਾਰਤ ਨੇ ਦੋ ਵਿਵਾਦਗ੍ਰਸਤ ਖੇਤਰਾਂ ਪੈਂਗੋਗ ਤਸੋ ਅਤੇ ਗਲਵਾਂ ਵਾਦੀ ਵਿੱਚ ਆਪਣੀ ਤਾਕਤ ਵਧਾ ਦਿੱਤੀ ਹੈ, ਜਿੱਥੇ ਚੀਨੀ ਫ਼ੌਜ ਦੇ ਲਗਭਗ 2,500 ਫ਼ੌਜੀ ਤੰਬੂ ਗੱਡ ਕੇ ਡੇਰਾ ਲਾਈ ਬੈਠੇ ਹਨ।
ਇੱਕ ਸੀਨੀਅਰ ਫ਼ੌਜੀ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਖੇਤਰ ਵਿੱਚ ਭਾਰਤੀ ਫ਼ੌਜ ਦੀ ਤਾਕਤ ਚੀਨੀ ਫ਼ੌਜ ਤੋਂ ਬਿਹਤਰ ਹੈ।
ਗਲਵਾਂ ਵਾਦੀ ’ਚ ਦਾਰੁਕ–ਸ਼ਿਓਕ–ਦੌਲਤ ਬੇਗ ਓਲਡੀ ਰੋਡ ਦੇ ਨਾਲ ਭਾਰਤੀ ਚੌਕੀ ਏਐੱਮ 120 ਸਮੇਤ ਕਈ ਮੁੱਖ ਸਰਹੱਦੀ ਇਲਾਕਿਆਂ ਉੱਤੇ ਚੀਨੀ ਫ਼ੌਜੀਆਂ ਦੀ ਮੌਜੂਦਗੀ ਭਾਰਤੀ ਫ਼ੌਜ ਲਈ ਸਭ ਤੋਂ ਵੱਡੀ ਚਿੰਤਾ ਹੈ।
ਲੈਫ਼ਟੀਨੈਂਟ ਜਨਰਲ (ਸੇਵਾ–ਮੁਕਤ) ਡੀਐੱਸ ਹੁੱਡਾ ਨੇ ਦੱਸਿਆ ਕਿ ਇਹ ਗੰਭੀਰ ਸਥਿਤੀ ਹੈ। ਇਹ ਆਮ ਪ੍ਰਕਾਰ ਦਾ ਅਪਰਾਧ ਨਹੀਂ ਹੈ। ਗਲਵਾਂ ਵਾਦੀ ’ਚ ਇਹ ਹਾਲਤ ਇਸ ਲਈ ਚਿੰਤਾਜਨਕ ਹੈ ਕਿਉਂਕਿ ਇੱਥੇ ਦੋਵੇਂ ਧਿਰਾਂ ਵਿਚਾਲੇ ਪਹਿਲਾਂ ਕੋਈ ਵੱਡਾ ਵਿਵਾਦ ਨਹੀਂ ਰਿਹਾ ਹੈ।
ਭਾਰਤ ਤੇ ਚੀਨ ਵਿਚਾਲੇ ਜ਼ਿਆਦਾਤਰ ਮਾਹੌਲ ਤਣਾਅਪੂਰਨ ਹੀ ਬਣਿਆ ਰਹਿੰਦਾ ਹੈ ਫਿਰ ਵੀ ਦੋਵੇਂ ਦੇਸ਼ ਇੱਕ–ਦੂਜੇ ਨਾਲ ਸਹਿਯੋਗਪੂਰਨ ਨੀਤੀ ਨਾਲ ਚੱਲਦੇ ਹਨ।