ਅਗਲੀ ਕਹਾਣੀ

ਇੰਦਰਾ ਬੈਨਰਜੀ 68 ਸਾਲਾਂ ਦੌਰਾਨ ਸੁਪਰੀਮ ਕੋਰਟ ਦੇ ਸਿਰਫ਼ 8ਵੇਂ ਮਹਿਲਾ ਜੱਜ

ਇੰਦਰਾ ਬੈਨਰਜੀ 68 ਸਾਲਾਂ ਦੌਰਾਨ ਸੁਪਰੀਮ ਕੋਰਟ ਦੇ ਸਿਰਫ਼ 8ਵੇਂ ਮਹਿਲਾ ਜੱਜ

ਮਦਰਾਸ ਹਾਈ ਕੋਰਟ ਦੇ ਚੀਫ਼ ਜਸਟਿਸ ਇੰਦਰਾ ਬੈਨਰਜੀ ਨੂੰ ਸੁਪਰੀਮ ਕੋਰਟ ਦੀ ਜੱਜ ਬਣਾਏ ਜਾਣ ਤੋਂ ਬਾਅਦ ਦੇਸ਼ ਦੀ ਸਰਬਉੱਚ ਅਦਾਲਤ `ਚ ਮਹਿਲਾ ਜੱਜਾਂ ਦੀ ਗਿਣਤੀ ਹੁਣ ਤਿੰਨ ਹੋ ਗਈ ਹੈ। ਸੁਪਰੀਮ ਕੋਰਟ `ਚ ਇੱਕੋ ਵਾਰੀ `ਚ ਇਸ ਤੋਂ ਪਹਿਲਾਂ ਕਦੇ ਵੀ ਤਿੰਨ ਮਹਿਲਾ ਜੱਜ ਨਿਯੁਕਤ ਨਹੀਂ ਰਹੀਆਂ। ਭਾਰਤ `ਚ ਸੁਪਰੀਮ ਕੋਰਟ ਦੀ ਸਥਾਪਨਾ 1950 `ਚ ਹੋਈ ਸੀ।


ਜਸਟਿਸ ਇੰਦੂ ਮਲਹੋਤਰਾ ਪਿੱਛੇ ਜਿਹੇ ਅਜਿਹੇ ਪਹਿਲੇ ਮਹਿਲਾ ਜੱਜ ਬਣੇ ਸਨ, ਜਿਨ੍ਹਾਂ ਨੂੰ ਬਾਰ ਤੋਂ ਸਿੱਧੇ ਸੁਪਰੀਮ ਕੋਰਟ `ਚ ਨਿਯੁਕਤ ਕੀਤਾ ਗਿਆ ਸੀ। ਆਰ. ਭਾਨੂਮਤੀ ਇਸ ਵੇਲੇ ਸੁਪਰੀਮ ਕੋਰਟ ਦੇ ਇੱਕ ਹੋਰ ਮਹਿਲਾ ਜੱਜ ਹਨ।


ਜਸਟਿਸ ਇੰਦਰਾ ਬੈਨਰਜੀ (60) ਹੁਣ ਤੱਕ ਦੇਸ਼ ਦੀ ਸਿਰਫ਼ 8ਵੀਂ ਅਜਿਹੀ ਮਹਿਲਾ ਜੱਜ ਹਨ, ਜਿਨ੍ਹਾਂ ਨੂੰ ਸੁਪਰੀਮ ਕੋਰਟ `ਚ ਨਿਯੁਕਤੀ ਦਾ ਸੁਭਾਗ ਹਾਸਲ ਹੋਇਆ ਹੈ। ਹੁਣ ਤੱਕ ਫ਼ਾਤਿਮਾ ਬੀਵੀ, ਸੁਜਾਤਾ ਵੀ. ਮਨੋਹਰ, ਰੂਮਾ ਪਾਲ, ਗਿਆਨ ਸੁਧਾ ਮਿਸ਼ਰਾ, ਰੰਜਨਾ ਪ੍ਰਕਾਸ਼ ਦੇਸਾਈ, ਆਰ. ਭਾਨੂਮਤੀ ਤੇ ਇੰਦੂ ਮਲਹੋਤਰਾ ਸੁਪਰੀਮ ਕੋਰਟ ਦੀਆਂ ਮਹਿਲਾ ਜੱਜ ਰਹਿ ਚੁੱਕੀਆਂ ਹਨ।


24 ਸਤੰਬਰ, 1957 ਨੂੰ ਜਨਮੇ ਜਸਟਿਸ ਇੰਦਰਾ ਬੈਨਰਜੀ ਨੇ ਕੋਲਕਾਤਾ ਦੇ ਲੋਰੈਟੋ ਹਾਊਸ ਤੋਂ ਆਪਣੀ ਸਕੂਲੀ ਪੜ੍ਹਾਈ ਮੁਕੰਮਲ ਕੀਤੀ। ਉੱਚ ਸਿੱਖਿਆ ਉਨ੍ਹਾਂ ਪ੍ਰੈਜ਼ੀਡੈਂਸੀ ਕਾਲਜ - ਕੋਲਕਾਤਾ ਅਤੇ ਕੋਲਕਾਤਾ ਯੂਨੀਵਰਸਿਟੀ ਦੇ ਕਾਲਜ ਆਫ਼ ਲਾੱਅ ਤੋਂ ਹਾਸਲ ਕੀਤੀ।


ਇੰਦਰਾ ਬੈਨਰਜੀ 1985 `ਚ ਵਕੀਲ ਬਣੇ ਸਨ ਤੇ ਉਨ੍ਹਾਂ ਕਲਕੱਤਾ ਹਾਈ ਕੋਰਟ `ਚ ਪ੍ਰੈਕਟਿਸ ਕੀਤੀ ਸੀ। 5 ਅਪ੍ਰੈਲ, 2017 ਨੂੰ ਉਹ ਮਦਰਾਸ ਹਾਈ ਕੋਰਟ ਦੇ ਚੀਫ਼ ਜਸਟਿਸ ਬਣੇ ਸਨ। ਉਨ੍ਹਾਂ ਤਦ ਜਸਟਿਸ ਸੰਜੇ ਕਿਸ਼ਨ ਕੌਲ ਦਾ ਸਥਾਨ ਲਿਆ ਸੀ, ਜਿਹੜੇ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਹੋ ਗਏ ਸਨ।


ਜਸਟਿਸ ਇੰਦਰਾ ਬੈਨਰਜੀ ਦੇ ਨਾਂਅ ਇੱਕ ਹੋਰ ਰਿਕਾਰਡ ਇਹ ਵੀ ਹੈ ਕਿ ਉਹ ਮਦਰਾਸ ਹਾਈ ਕੋਰਟ `ਚ ਨਿਯੁਕਤ ਹੋਣ ਵਾਲੀ ਦੂਜਾ ਮਹਿਲਾ ਵੀ ਹਨ। ਉਨ੍ਹਾਂ ਤੋਂ ਪਹਿਲਾਂ ਜਸਟਿਸ ਕਾਂਤਾ ਕੁਮਾਰੀ ਭਟਨਾਗਰ ਇਸ ਅਹੁਦੇ `ਤੇ ਰਹਿ ਚੁੱਕੇ ਹਨ।


ਜਸਟਿਸ ਇੰਦਰਾ ਬੈਨਰਜੀ ਦੇ ਨਾਂਅ ਦੀ ਸਿਫ਼ਾਰਸ਼ ਕਾਲਜੀਅਮ ਨੇ ਬੀਤੀ 16 ਜੁਲਾਈ ਨੂੰ ਕੀਤੀ ਸੀ ਤੇ ਕੇਂਦਰ ਸਰਕਾਰ ਨੇ 15 ਦਿਨਾਂ ਅੰਦਰ ਉਹ ਸਿਫ਼ਾਰਸ਼ ਪ੍ਰਵਾਨ ਕਰ ਲਈ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indira Banerji Supreme Court only 8th woman judge