ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅੱਜ ਸ਼ੁੱਕਰਵਾਰ ਨੂੰ ਆਪਣੇ ਦੋ ਦਿਨਾ ਦੌਰੇ ਲਈ ਭਾਰਤ ਆ ਰਹੇ ਹਨ। ਚੇਨਈ ਦੇ ਪ੍ਰਾਚੀਨ ਸ਼ਹਿਰ ਮਾਮੱਲਾਪੁਰਮ ’ਚ ਸ੍ਰੀ ਜਿਨਪਿੰਗ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਗ਼ੈਰ–ਰਸਮੀ ਸਿਖ਼ਰ ਵਾਰਤਾ ਹੋਵੇਗੀ। ਇਸ ਵਿੱਚ ਵਪਾਰ, ਰੱਖਿਆ ਤੇ ਸੁਰੱਖਿਆ ਜਿਹੇ ਅਹਿਮ ਮਸਲਿਆਂ ’ਤੇ ਵਿਆਪਕ ਗੱਲਬਾਤ ਹੋਵੇਗੀ।
ਚੀਨ ਦੇ ਰਾਜਦੂਤ ਸੁਨ ਵੀਦੋਂਗ ਨੇ ਇਸ ਦੌਰੇ ਤੋਂ ਇੱਕ ਦਿਨ ਪਹਿਲਾਂ ਕੱਲ੍ਹ ਆਖਿਆ ਸੀ ਕਿ – ‘ਇੱਕ–ਦੂਜੇ ਲਈ ਖ਼ਤਰਾ ਨਹੀਂ’, ਸਗੋਂ ਇੱਕ–ਦੂਜੇ ਲਈ ਵਿਕਾਸ ਦੇ ਮੌਕੇ ਮੁਹੱਈਆ ਕਰਵਾਉਂਦੇ ਹਨ। ਚੀਨ ਤੇ ਭਾਰਤ ਵਿਚਾਲੇ ਸਹਿਯੋਗ ਨਾ ਸਿਰਫ਼ ਇੱਕ–ਦੂਜੇ ਦੇ ਵਿਕਾਸ ਵਿੱਚ ਯੋਗਦਾਨ ਪਾਏਗਾ, ਸਗੋਂ ਆਰਥਿਕ ਸੰਸਾਰੀਕਰਨ ਦੀ ਪ੍ਰਕਿਰਿਆ ਨੂੰ ਵੀ ਵਧਾਏਗਾ।
ਉਨ੍ਹਾਂ ਆਖਿਆ ਸੀ ਕਿ ਇਸ ਗੁੰਝਲਦਾਰ ਦੁਨੀਆ ਵਿੱਚ ਸਕਾਰਾਤਮਕ ਊਰਜਾ ਭਰਨ ਦੀ ਸਾਡੀ ਵੱਡੀ ਜ਼ਿੰਮੇਵਾਰੀ ਹੈ। ਕੌਮਾਂਤਰੀ ਹਾਲਾਤ ਉੱਤੇ ਵੀ ਚਰਚਾ ਹੋਵੇਗੀ। ਚੀਨੀ ਰਾਜਦੂਤ ਨੇ ਕਿਹਾ ਕਿ ਦੋਵੇਂ ਆਗੂ ਕੌਮਾਂਤਰੀ ਹਾਲਾਤ ਉੱਤੇ ਬਹੁਤ ਡੂੰਘਾਈ ਨਾਲ ਵਿਚਾਰ–ਵਟਾਂਦਰਾ ਕਰਨਗੇ।
ਇਸ ਗੱਲਬਾਤ ਨਾਲ ਆਮ ਸਹਿਮਤੀਆਂ ਦਾ ਇੱਕ ਨਵਾਂ ਖ਼ਾਕਾ ਉੱਭਰ ਸਕਦਾ ਹੈ, ਜਿਸ ਵਿੱਚ ਕੌਮਾਂਤਰੀ ਪ੍ਰਣਾਲੀ ਦੀ ਤਬਦੀਲੀ ਲਈ ਸਾਂਝਾ ਦ੍ਰਿਸ਼ਟੀਕੋਣ ਬਣੇਗਾ। ਸਿਖ਼ਰ ਵਾਰਤਾ ਸਬੰਧਾਂ ਨੂੰ ਉੱਚ ਪੱਧਰ ਉੱਤੇ ਲੈ ਕੇ ਜਾਵੇਗੀ ਅਤੇ ਵਿਸ਼ਵ ਸ਼ਾਂਤੀ ਉੱਤੇ ਹਾਂ–ਪੱਖੀ ਅਸਰ ਪਵੇਗਾ।
ਮਾਮੱਲਾਪੁਰਮ ਵਿੱਚ ਅੱਜ ਚੀਨੀ ਰਾਸ਼ਟਰਪਤੀ ਸ੍ਰੀ ਸ਼ੀ ਜਿਨਪਿੰਗ ਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸੁਆਗਤ ਲਈ ਵਿਆਪਕ ਤਿਆਰੀਆਂ ਕੀਤੀਆਂ ਗਈਆਂ ਹਨ। ਇਓਸੇ ਦੌਰਾਨ ਚੀਨ ਦੇ ਉੱਪ–ਵਿਦੇਸ਼ ਮੰਤਰੀ ਲੁਓ ਜ਼ਾਓਹੁਈ ਨੇ ਕਿਹਾ ਕਿ ਦੋਵੇਂ ਧਿਰਾਂ ਨੇ ਸਿਖ਼ਰ ਵਾਰਤਾ ਲਈ ਸ਼ਾਨਦਾਰ ਤਿਆਰੀ ਕੀਤੀ ਹੈ।