ਨਵੀਂ ਦਿੱਲੀ-ਲਖਨਊ ਅਤੇ ਮੁੰਬਈ-ਅਹਿਮਦਾਬਾਦ ਵਿਚਕਾਰ ਦੋ ਤੇਜਸ ਐਕਸਪ੍ਰੈਸ ਰੇਲ ਗੱਡੀਆਂ ਨੂੰ ਸਫਲਤਾਪੂਰਵਕ ਚਲਾਉਣ ਤੋਂ ਬਾਅਦ ਆਈਆਰਸੀਟੀਸੀ (IRCTC) 16 ਫਰਵਰੀ ਤੋਂ ਇੱਕ ਹੋਰ ਨਿੱਜੀ ਰੇਲ ਗੱਡੀ ਚਲਾਉਣ ਜਾ ਰਹੀ ਹੈ। ਕਾਸ਼ੀ ਮਹਾਕਾਲ ਐਕਸਪ੍ਰੈਸ ਨਾਂਅ ਦੀ ਇਹ ਨਿੱਜੀ ਰੇਲ ਗੱਡੀ ਵਾਰਾਣਸੀ ਤੋਂ ਇੰਦੌਰ ਵਿਚਕਾਰ ਚੱਲੇਗੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਰੇਲਵੇ ਮੰਤਰਾਲੇ ਦੇ ਅਨੁਸਾਰ ਭਾਰਤੀ ਰੇਲ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਦੁਆਰਾ ਚਲਾਈ ਗਈ ਕਾਸ਼ੀ ਮਹਾਕਾਲ ਐਕਸਪ੍ਰੈਸ ਨੂੰ ਪਹਿਲੀ ਵਾਰ 16 ਫਰਵਰੀ ਨੂੰ ਵਾਰਾਣਸੀ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਜਾਵੇਗਾ। ਟਰੇਨ ਦੇ ਉਦਘਾਟਨ ਤੋਂ ਬਾਅਦ ਇਸ ਦਾ ਵਪਾਰਕ ਸੰਚਾਲਨ 20 ਫਰਵਰੀ ਤੋਂ ਸ਼ੁਰੂ ਹੋਵੇਗਾ।
ਆਈਆਰਸੀਟੀਸੀ ਨੇ ਕਿਹਾ ਕਿ ਇਹ ਸੁਪਰਫਾਸਟ ਏਅਰ ਕੰਡੀਸ਼ਨਡ ਰੇਲ ਗੱਡੀ ਹੋਵੇਗੀ। ਰੇਲ ਗੱਡੀ ਰਾਤੋਂ-ਰਾਤ ਯਾਤਰਾ ਕਰੇਗੀ। ਹਾਲਾਂਕਿ ਟਰੇਨ ਦੇ ਸਮੇਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਆਈਆਰਸੀਟੀਸੀ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਕਾਸ਼ੀ ਮਹਾਕਾਲ ਐਕਸਪ੍ਰੈਸ ਮੱਧ ਪ੍ਰਦੇਸ਼ ਦੇ ਇੰਦੌਰ ਨੇੜੇ ਸਥਿਤ ਜੋਤਿਰਲਿੰਗ ਓਮਕਾਰੇਸ਼ਵਰ (ਇੰਦੌਰ), ਉਜੈਨ ਸਥਿਤ ਮਹਾਕਾਲੇਸ਼ਵਰ ਅਤੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਕਾਸ਼ੀ ਵਿਸ਼ਵਨਾਥ ਜਿਹੇ ਤਿੰਨ ਤੀਰਥ ਕੇਂਦਰਾਂ ਨੂੰ ਜੋੜਦੀ ਹੈ। ਇਸ ਤੋਂ ਇਲਾਵਾ ਇਹ ਰੇਲ ਗੱਡੀ ਉਦਯੋਗ ਅਤੇ ਸਿੱਖਿਆ ਦੇ ਕੇਂਦਰ ਇੰਦੌਰ ਅਤੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਨੂੰ ਵੀ ਜੋੜੇਗੀ।
ਵਾਰਾਣਸੀ ਅਤੇ ਉਜੈਨ ਵਿਚਕਾਰ ਹਫਤੇ ਵਿੱਚ ਤਿੰਨ ਦਿਨ ਚੱਲਣ ਵਾਲੀ ਇਹ ਟਰੇਨ ਉਜੈਨ, ਸੰਤ ਹੀਰਾਨਗਰ (ਭੋਪਾਲ), ਬੀਨਾ, ਝਾਂਸੀ, ਕਾਨਪੁਰ, ਲਖਨਊ/ਪ੍ਰਯਾਗਰਾਜ ਅਤੇ ਸੁਲਤਾਨਪੁਰ ਤੋਂ ਗੁਜਰੇਗੀ। ਕਾਸ਼ੀ ਮਹਾਕਾਲ ਐਕਸਪ੍ਰੈੱਸ ਆਈਆਰਸੀਟੀਸੀ ਦੁਆਰਾ ਚਲਾਈ ਜਾਣ ਵਾਲੀ ਤੀਜੀ ਕਾਰਪੋਰੇਟ ਟਰੇਨ ਹੈ। ਆਈਆਰਸੀਟੀਸੀ ਨੇ ਕਿਹਾ ਕਿ ਪੂਰੀ ਰਾਤ ਦੀ ਯਾਤਰਾ ਨੂੰ ਧਿਆਨ 'ਚ ਰੱਖਦੇ ਹੋਏ ਇਸ ਰੇਲ ਗੱਡੀ ਵਿੱਚ ਯਾਤਰੀਆਂ ਲਈ 10 ਲੱਖ ਰੁਪਏ ਦੀ ਯਾਤਰਾ ਬੀਮਾ ਕਵਰ ਦੇ ਨਾਲ ਵਧੀਆ ਸ਼ਾਕਾਹਾਰੀ ਭੋਜਨ, ਬਰੈੱਡ ਰੋਲ ਅਤੇ ਹਾਊਸ ਕੀਪਿੰਗ ਸੇਵਾ ਪ੍ਰਦਾਨ ਕੀਤੀ ਜਾਵੇਗੀ।