ਕੌਮੀ ਜਾਂਚ ਏਜੰਸੀ (ਐਨਆਈਏ) ਨੇ ਇਸਲਾਮਿਕ ਸਟੇਟ (ਆਈਐਸ) ਦੇ ਇਕ ਮੋਡੀਊਲ ਦਾ ਪਤਾ ਲਗਾਉਣ ਦੇ ਸਿਲਸਿਲੇ ਚ ਐਤਵਾਰ ਨੂੰ ਕੇਰਲ ਚ ਤਿੰਨ ਥਾਂਵਾਂ ਤੇ ਛਾਪੇਮਾਰੀ ਕੀਤੀ। ਸੂਬੇ ਦੀ ਪੁਲਿਸ ਨੇ ਕਿਹਾ ਹੈ ਕਿ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਐਨਆਈਏ ਮੁਤਾਬਕ ਆਈਐਸ ਨਾਲ ਜੁੜੇ ਤੱਤਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਐਨਆਈਏ ਦੇ ਸੀਨੀਅਰ ਅਫਸਰ ਮੁਤਾਬਕ ਤਿੰਨ ਥਾਂਵਾਂ ਤੇ ਛਾਪੇਮਾਰੀ ਦੌਰਾਨ ਦੋ ਥਾਵਾਂ ਕਾਸਰਗੋਡ ਅਤੇ ਇਕ ਪਲੱਕੜ ਚ ਹੈ। ਏਜੰਸੀ ਨੂੰ ਖੂਫੀਆ ਜਾਣਕਾਰੀ ਮਿਲੀ ਸੀ ਕਿ ਤਿੰਨ ਲੋਕ ਕਥਿਤ ਤੌਰ ਤੇ ਆਈਐਸ ਚ ਸ਼ਾਮਲ ਹੋਣ ਲਈ ਭਾਰਤ ਤੋਂ ਭੱਜ ਗਏ ਹਨ। ਜਿਸ ਤੋਂ ਬਾਅਦ ਛਾਪੇਮਾਰੀ ਕੀਤੀ ਗਈ।
ਕੇਰਲ ਪੁਲਿਸ ਨੇ ਕਿਹਾ ਕਿ ਐਨਆਈਏ ਨੇ ਇਕ ਵਿਅਕਤੀ ਨੂੰ ਪਲੱਕੜ ਤੋਂ ਗ੍ਰਿਫ਼ਤਾਰ ਕੀਤਾ ਹੈ ਜਿਸ ਨੂੰ ਕੋਚੀ ਲਿਜਾਇਆ ਗਿਆ ਹੈ। ਇਹ ਜ਼ਿਲ੍ਹਾ ਤਾਮਿਲਨਾਡੂ ਦੀ ਸਰਹੱਦ ਨਾਲ ਲਗਿਆ ਹੋਇਆ ਹੈ। ਕੋਲੇਨਗੋਡ ਪੁਲਿਸ ਥਾਣੇ ਦੇ ਇਕ ਅਫ਼ਸਰ ਨੇ ਕਿਹਾ ਕਿ ਐਨਆਈਏ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਸੁਰੱਖਿਆ ਮੰਗੀ।
ਇਸ ਤੋਂ ਇਲਾਵਾ ਐਨਆਈਏ ਨੇ ਕਾਸਰਗੋਡ ਚ ਵੀ ਦੋ ਲੋਕਾਂ ਨੂੰ ਨੋਟਿਸ ਜਾਰੀ ਕਰਕੇ ਸੋਮਵਾਰ ਨੂੰ ਕੋਚੀ ਸਥਿਤ ਐਨਆਈਏ ਦੇ ਦਫ਼ਤਰ ਚ ਹਾਜ਼ਰ ਹੋਣ ਨੂੰ ਕਿਹਾ ਹੈ। ਦੋਨਾਂ ਦੀ ਪਛਾਣ ਅਬੁਬਕਰ ਅਤੇ ਅਹਿਮਦ ਵਜੋਂ ਹੋਈ ਹੈ।
ਨਵੀਂ ਦਿੱਲੀ ਵਿਖੇ ਐਨਆਈਏ ਨੇ ਕਿਹਾ ਹੈ ਕਿ ਉਨ੍ਹਾਂ ਨੇ ਮੋਬਾਈਲ, ਸਿਮ ਕਾਰਡ, ਮੈਮਰੀ ਕਾਰਡ, ਪੈਨ ਡਰਾਇਵ, ਅਰਬੀ ਅਤੇ ਮਲਿਆਲਮ ਚ ਹੱਥ ਨਾਲ ਲਿਖੀ ਡਾਇਰੀ, ਜ਼ਾਕਿਰ ਨਾਇਕ ਦੀ ਡੀਵੀਡੀ ਤੋਂ ਇਲਾਵਾ ਹੋਰਨਾਂ ਡੀਵੀਡੀ ਜ਼ਬਤ ਕੀਤੀਆਂ ਹਨ।
ਐਨਆਈਏ ਮੁਤਾਬਕ ਸਾਜਿਸ਼ ਤਹਿਤ ਕਾਸਰਗੋਡ ਦੇ 14 ਦੋਸ਼ੀ ਸਾਲ 2016 ਚ ਮਈ ਅਤੇ ਜੁਲਾਈ ਦੇ ਵਿਚਕਾਰ ਭਾਰਤ ਜਾਂ ਮੱਧਲੇ ਦੇਸ਼ਾਂ ਚ ਆਪਣਾ ਕੰਮਕਾਰ ਛੱਡ ਕੇ ਅਫ਼ਗਾਨਿਸਤਾਨ ਜਾਂ ਸੀਰੀਆ ਤੁਰ ਗਏ, ਜਿੱਥੇ ਆਈਐਸ ਚ ਸ਼ਾਮਲ ਹੋ ਗਏ।
.