ਇਸ ਵਰ੍ਹੇ ਗਰਮੀ ਕੁਝ ਜ਼ਿਆਦਾ ਹੋਵੇਗੀ। ਮੌਸਮ ਵਿਭਾਗ ਮੁਤਾਬਕ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਤਾਪਮਾਨ ਐਤਕੀਂ 45 ਡਿਗਰੀ ਤੋਂ ਵੀ ਵੱਧ ਰਹਿ ਸਕਦਾ ਹੈ। ਗਲੋਬਲ ਵਾਰਮਿੰਗ ਭਾਵ ਸੰਸਾਰਕ ਤਪਸ਼ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਾਰਨ ਮੌਸਮ ਵੀ ਉਲਟ–ਪੁਲਟ ਹੋ ਰਹੇ ਹਨ।
ਮੌਸਮ ਵਿਭਾਗ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਸੰਸਾਰਕ ਤਪਸ਼ ਤੇ ਮੌਸਮੀ–ਚੱਕਰ ਵਿੱਚ ਤਬਦੀਲੀ ਕਾਰਨ ਇਸ ਵਰ੍ਹੇ ਪਾਰਾ ਆਮ ਨਾਲੋਂ 1.5 ਡਿਗਰੀ ਵੱਧ ਰਹਿ ਸਕਦਾ ਹੈ ਤੇ ਪਾਰਾ ਮਈ ਤੇ ਜੂਨ ਦੇ ਮਹੀਨਿਆਂ ਦੌਰਾਨ 45 ਡਿਗਰੀ ਨੂੰ ਵੀ ਪਾਰ ਕਰ ਸਕਦਾ ਹੈ।
ਮੌਜੂਦਾ ਫ਼ਰਵਰੀ ਮਹੀਨੇ ਹੀ ਦੇਸ਼ ਦੇ ਦੱਖਣੀ ਸੂਬਿਆਂ ’ਚ ਗਰਮੀ ਨੇ ਆਪਣਾ ਅਸਰ ਵਿਖਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਉੱਥੇ ਵੱਧ ਤੋਂ ਵੱਧ ਤਾਪਮਾਨ 32 ਤੋਂ 35 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਰਿਹਾ ਹੈ। ਅਗਲੇ ਦੋ ਮਹੀਨਿਆਂ ’ਚ ਤਾਪਮਾਨ ਹੋਰ ਵੀ ਵਧੇਗਾ।
ਮਾਰਚ ਮਹੀਨੇ ਮਹਾਰਾਸ਼ਟਰ, ਗੁਜਰਾਤ, ਰਾਜਸਥਾਨ ਤੇ ਦੱਖਣੀ ਸੂਬੇ ਆਂਧਰਾ ਪ੍ਰਦੇਸ਼, ਕਰਨਾਟਕ ਤੇ ਤਾਮਿਲ ਨਾਡੂ ’ਚ ਤਾਪਮਾਨ 1 ਡਿਗਰੀ ਵੱਧ ਰਹਿ ਸਕਦਾ ਹੈ।
ਭਾਰਤੀ ਮੌਸਮ ਵਿਭਾਗ ਮੁਤਾਬਕ ਅਲੇ ਸਾਲ ਅਲ–ਨੀਨੋ ਦੀ ਹਾਲਤ ਫ਼ਰਵਰੀ ਤੋਂ ਜੂਨ ਮਹੀਨਿਆਂ ਤੱਕ ਰਹੀ ਸੀ। ਇਸ ਵਰ੍ਹੇ ਅਲ–ਨੀਨੋ ਭਾਰਤ ’ਚ ਲੂ ਵਧਾਏਗਾ। ਸਾਲ 2020 ਤੋਂ ਲੈ ਕੇ 2064 ਤੱਕ ਗਰਮੀ ਤੇ ਲੂ ਵਿੱਚ ਲਗਾਤਾਰ ਵਾਧਾ ਹੋਵੇਗਾ।
ਇਸ ਦੌਰਾਨ ਨਿਊ ਜ਼ੀਲੈਂਡ ਦੇ ਸਮੁੰਦਰੀ ਕੰਢੇ ਉੱਤੇ ਪੰਜ ਲੱਖ ਤੋਂ ਵੱਧ ਮਸਲਜ਼ ਮੱਛੀਆਂ (ਸਿੱਪੀਆਂ) ਮਰੀਆਂ ਪਾਈਆਂ ਗਈਆਂ ਹਨ। ਮਾਹਿਰਾਂ ਦਾ ਦਾਅਵਾ ਹੈ ਕਿ ਸੰਸਾਰਕ ਤਪਸ਼ ਕਾਰਨ ਇੰਨੇ ਵੱਡੇ ਪੱਧਰ ’ਤੇ ਇੰਨੀਆਂ ਜ਼ਿਆਦਾ ਮੱਛੀਆਂ ਦੀ ਮੌਤ ਹੋਈ ਹੈ।