ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਐਤਵਾਰ ਨੂੰ ਕਿਹਾ ਕਿ ਇਕ ਦੇਸ਼-ਇਕ ਟੈਕਸ ਫਾਰਮੂਲਾ ਭਾਰਤ ਚ ਲਾਗੂ ਕੀਤਾ ਜਾ ਸਕਦੇ ਹਨ ਪਰ ਇਕ ਦੇਸ਼-ਇਕ ਭਾਸ਼ਾ ਜਾਂ ਇਕ ਦੇਸ਼-ਇਕ ਸਭਿਆਚਾਰ ਦਾ ਫਾਰਮੂਲਾ ਲਾਗੂ ਹੋਣਾ ਅਸੰਭਵ ਹੈ। ਭਾਰਤ ਵਿਭਿੰਨ ਭਾਸ਼ਾਵਾਂ ਅਤੇ ਸਭਿਆਚਾਰਾਂ ਵਾਲਾ ਦੇਸ਼ ਹੈ। ਵਿਭਿੰਨਤਾ ਭਾਰਤ ਦੀ ਤਾਕਤ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 'ਇਕ ਦੇਸ਼, ਇਕ ਭਾਸ਼ਾ' ਬਾਰੇ ਦਿੱਤੇ ਬਿਆਨ ਦੀ ਅਲੋਚਨਾ ਕਰਦਿਆਂ ਰਮੇਸ਼ ਨੇ ਕਿਹਾ, ' ਸੰਵਿਧਾਨ ਨੇ ਜਿਨ੍ਹਾਂ ਸੰਵੇਦਨਸ਼ੀਲ ਮੁੱਦਿਆਂ ਨੂੰ ਸੁਲਝਾ ਲਿਆ ਹੈ, ਉਨ੍ਹਾਂ 'ਤੇ ਨਵਾਂ ਵਿਵਾਦ ਨਹੀਂ ਹੋਣਾ ਚਾਹੀਦਾ। ਸਾਡੇ ਕੋਲ 'ਇਕ ਦੇਸ਼-ਇਕ ਟੈਕਸ', 'ਇਕ ਦੇਸ਼-ਇਕ ਚੋਣ' ਹੋ ਸਕਦਾ ਹੈ ਪਰ 'ਇਕ ਦੇਸ਼-ਇਕ ਸਭਿਆਚਾਰ', 'ਇਕ ਦੇਸ਼-ਇਕ ਭਾਸ਼ਾ' ਪ੍ਰਣਾਲੀ ਕਿਸੇ ਵੀ ਸਥਿਤੀ ਚ ਲਾਗੂ ਨਹੀਂ ਹੋ ਸਕਦੀ।
ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਵਿਰਾਸਤ ਨੂੰ ਢਾਹ ਲਾਉਣ ਅਤੇ ਮਿਟਾਉਣ ਲਈ ਉਸ ’ਤੇ ਲਗਾਤਾਰ ਹਮਲੇ ਕਰ ਰਹੀਆਂ ਹਨ। ਜੇ ਉਨ੍ਹਾਂ ਦੇ ਵਿਚਾਰਾਂ ਨੂੰ ਤਿਆਗ ਦਿੱਤਾ ਗਿਆ ਤਾਂ ਭਾਰਤ ਦਾ ਹੀ ਵਿਚਾਰ ਖ਼ਤਮ ਹੋ ਜਾਵੇਗਾ।
ਰਮੇਸ਼ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਰਾਜਪਾਲ, ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਨੂੰ ਅੰਗਰੇਜ਼ੀ, ਕੰਨੜ ਅਤੇ ਹਿੰਦੀ ਵਿੱਚ ਸੰਬੋਧਨ ਕਰਦਿਆਂ ਕੀਤੀ। ਉਨ੍ਹਾਂ ਕਿਹਾ, 'ਮੈਂ ਇਕ ਮਿੰਟ ਚ ਤਿੰਨ ਭਾਸ਼ਾਵਾਂ ਚ ਗੱਲ ਕੀਤੀ, ਸਿਰਫ ਤੁਹਾਨੂੰ ਸੁਨੇਹਾ ਦੇਣ ਲਈ। 'ਇਕ ਦੇਸ਼-ਇਕ ਭਾਸ਼ਾ' ਦਾ ਸਿਧਾਂਤ ਸਾਡੇ ਚ ਕਦੇ ਨਹੀਂ ਸਮਾ ਸਕਦਾ।
ਦੱਸਣਯੋਗ ਹੈ ਕਿ ਅਮਿਤ ਸ਼ਾਹ ਨੇ ਸ਼ਨਿੱਚਰਵਾਰ ਨੂੰ ਹਿੰਦੀ ਦਿਵਸ ਮੌਕੇ ਹਿੰਦੀ ਨੂੰ ਆਮ ਭਾਸ਼ਾ ਵਜੋਂ ਅਪਣਾਉਣ ਦੀ ਵਕਾਲਤ ਕੀਤੀ।
.