ਕਸ਼ਮੀਰ ਵਾਦੀ ਦੇ ਬਾਰਮੂਲ ਜ਼ਿਲ੍ਹੇ ’ਚ ਜੈਸ਼–ਏ–ਮੁਹੰਮਦ ਦਾ ਇੱਕ ਅੱਤਵਾਦੀ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਤਵਾਦੀ ਕੋਲੋਂ ਹਥਿਆਰ ਤੇ ਹੋਰ ਗੋਲੀ–ਸਿੱਕਾ ਬਰਾਮਦ ਕੀਤਾ ਗਿਆ ਹੈ। ਕਸ਼ਮੀਰ ਪੁਲਿਸ ਦੇ ਉੱਚ ਅਧਿਕਾਰੀਆਂ ਨੈ ਵੀ ਪੁਸ਼ਟੀ ਕੀਤੀ ਕਿ ਅੱਤਵਾਦੀ ਕੋਲੋਂ ਹਥਿਆਰ ਤੇ ਗੋਲੀ–ਸਿੱਕਾ ਬਰਾਮਦ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਬਾਰਾਮੂਲਾ ਇਲਾਕੇ ਵਿੱਚ ਕਾਫ਼ੀ ਸਰਗਰਮ ਸੀ। ਇਸ ਅੱਤਵਾਦੀ ਦੀ ਗ੍ਰਿਫ਼ਤਾਰੀ ਅਜਿਹੇ ਸਮੇਂ ਹੋਈ ਹੈ, ਜਦੋਂ ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਭਾਰਤ ’ਚ ਘੁਸਪੈਠ ਕਰਨ ਦਾ ਜਤਨ ਕਰ ਰਹੇ ਹਨ। ਭਾਰਤ–ਪਾਕਿਸਤਾਨ ਸਰਹੱਦ ਉੱਤੇ ਫ਼ੋਨ ਉੱਤੇ ਹੁੰਦੀਆਂ ਗੱਲਾਂ ਵਾਇਰਲੈੱਸ ਟ੍ਰਾਂਸਮੀਟਰ ਨਾਲ ਸੁਣਨ ਤੋਂ ਫ਼ੌਜ ਨੂੰ ਕਈ ਖ਼ੁਫ਼ੀਆ ਗੱਲਾਂ ਦਾ ਪਤਾ ਲੱਗਦਾ ਹੈ।
ਇਸ ਤੋਂ ਇਲਾਵਾ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਡ੍ਰੋਨ ਭੇਜ ਕੇ ਹਥਿਆਰ ਸੁਟਵਾਉਣ ਜਿਹੀਆਂ ਘਟਨਾਵਾਂ ਕਾਰਨ ਭਾਰਤੀ ਖ਼ੁਫ਼ੀਆ ਏਜੰਸੀਆਂ ਹੁਣ ਬਹੁਤ ਜ਼ਿਆਦਾ ਚੌਕਸ ਹੋ ਗਈਆਂ ਹਨ।
ਇਸ ਤੋਂ ਇਲਾਵਾ ਅਮਰੀਕੀ ਖ਼ੁਫ਼ੀਆ ਏਜੰਸੀ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਵੀ ਸੁਰੱਖਿਆ ਏਜੰਸੀਆਂ ਇਸ ਵੇਲੇ ਹਾਈ–ਅਲਰਟ ’ਤੇ ਹਨ। ਗ੍ਰਹਿ ਮੰਤਰਾਲੇ ਦੇ ਉੱਚ–ਪੱਧਰੀ ਸੂਤਰਾਂ ਨੇ ਦੱਸਿਆ ਕਿ ਦਿੱਲੀ ਤੇ ਮੁੰਬਈ ਵਿੱਚ ਸਾਰੇ ਪ੍ਰਮੁੱਖ ਹਵਾਈ ਅੱਡਿਆਂ, ਦੇਸ਼ ਦੀਆਂ ਸਾਰੀਆਂ ਬੰਦਰਗਾਹਾਂ, ਪ੍ਰਮੁੱਖ ਅਦਾਰਿਆਂ ਤੇ ਸਰਕਾਰੀ ਦਫ਼ਤਰਾਂ ਦੀ ਸੁਰੱਖਿਆ ਬਹੁਤ ਜ਼ਿਆਦਾ ਸਖ਼ਤ ਕਰ ਦਿੱਤੀ ਗਈ ਹੈ।
ਰਾਸ਼ਟਰੀ ਜਾਂਚ ਏਜੰਸੀ (NIA) ਇਸ ਵੇਲੇ ਪੰਜਾਬ ਪੁਲਿਸ ਨਾਲ ਮਿਲ ਕੇ ਪਾਕਿਸਤਾਨ ਦੀਆਂ ਹਰ ਤਰ੍ਹਾਂ ਦੀਆਂ ਹਰਕਤਾਂ ਉੱਤੇ ਚੌਕਸ ਨਜ਼ਰ ਰੱਖ ਰਹੀ ਹੈ।