ਕੇਰਲ ਪੁਲਿਸ ਨੇ ਅੱਜ ਜਲੰਧਰ ਰੋਮਨ ਕੈਥੋਲਿਕ ਡਾਇਓਸੀਜ਼ ਦੇ ਬਿਸ਼ਪ ਫ਼ਰੈਂਕੋ ਮੁਲੱਕਲ ਵਿਰੁੱਧ ਅੱਜ ਦੋਸ਼ ਆਇਦ ਕਰ ਦਿੱਤੇ ਭਾਵ ਅੱਜ ਬਿਸ਼ਪ ਨੂੰ ਚਾਰਜਸ਼ੀਟ ਕਰ ਦਿੱਤਾ। ਬਿਸ਼ਪ ਉੱਤੇ ਇੱਕ ਨਨ (ਮਸੀਹੀ ਸਾਧਵੀ) ਨਾਲ ਬਲਾਤਕਾਰ ਕਰਨ ਦੇ ਦੋਸ਼ ਲੱਗੇ ਹੋਏ ਹਨ। ਅੱਜ ਬਿਸ਼ਪ ਵਿਰੁੱਧ 74 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਗਈ ਤੇ ਇਸ ਮਾਮਲੇ ਵਿੱਚ ਕੁੱਲ 83 ਗਵਾਹ ਭੁਗਤੇ।
ਭਾਰਤੀ ਕੈਥੋਲਿਕ ਚਰਚ ਦੇ ਇਤਿਹਾਸ ਵਿੱਚ ਕਿਸੇ ਬਿਸ਼ਪ ਵਿਰੁੱਧ ਪਹਿਲੀ ਵਾਰ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਕੇਰਲਾ ਦੀ ਪਾਲਾ ਅਦਾਲਤ ਵਿੱਚ ਇਹ ਸਾਰੀ ਕਾਰਵਾਈ ਹੋਈ। ਬਿਸ਼ਪ ਉੱਤੇ ਸਿਰਫ਼ ਬਲਾਤਕਾਰ ਦਾ ਹੀ ਨਹੀਂ, ਸਗੋਂ ਅਪਰਾਧਕ ਢੰਗ ਨਾਲ ਡਰਾਉਣ–ਧਮਕਾਉਣ, ਗ਼ੈਰ–ਕੁਦਰਤੀ ਸੈਕਸ ਕਰਨ ਤੇ ਨਨ ਨੂੰ ਗ਼ਲਤ ਤਰੀਕੇ ਹਿਰਾਸਤ ਵਿੱਚ ਰੱਖਣ ਜਿਹੇ ਦੋਸ਼ ਵੀ ਲੱਗੇ ਹੋਏ ਹਨ।
ਚੇਤੇ ਰਹੇ ਕਿ ਪਿਛਲੇ ਹਫ਼ਤੇ ਕੇਰਲ ਦੀਆਂ ਚਾਰ ਨਨਜ਼ ਕੋਟਾਇਮ ਦੇ ਐੱਸਪੀ ਨੂੰ ਮਿਲੀਆਂ ਸਨ ਤੇ ਬਿਸ਼ਪ ਫ਼ਰੈਂਕੋ ਮੁਲੱਕਲ ਵਿਰੁੱਧ ਛੇਤੀ ਚਾਰਜਸ਼ੀਟ ਪੇਸ਼ ਕਰਨ ਦੀ ਮੰਗ ਕੀਤੀ ਸੀ। ਇਹ ਮਾਮਲਾ ਹੁਣ ਹਾਈ–ਪ੍ਰੋਫ਼ਾਈਲ ਬਣ ਚੁੱਕਾ ਹੈ। ਉਨ੍ਹਾਂ ਨਨਜ਼ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਡਰ ਦੇ ਪਰਛਾਵੇਂ ਹੇਠ ਰਹਿਣਾ ਪਿਆ ਹੈ।